ਸ਼ੈੱਡਾਂ ਦੇ ਹੇਠਾਂ ਲਟਕਦੀਆਂ ਚਾਦਰਾਂ, ਹੇਠਾਂ ਪਈਆਂ ਆਲੂ ਦੀਆਂ ਬੋਰੀਆਂ ਅਹਿਮ ਖ਼ਬਰ-ਸ਼ੈਡਾਂ ਦੇ ਹੇਠਾਂ ਲਟਕਦੀਆਂ ਚਾਦਰਾਂ, ਨੀਚੇ ਪਈਆਂ ਆਲੂ ਦੀਆਂ ਬੋਰੀਆਂ
Publish Date: Thu, 24 Sep 2026 08:09 PM (IST)
Updated Date: Thu, 24 Sep 2026 08:12 PM (IST)
ਆਲੂਆਂ ਦੇ ਸ਼ੈੱਡਾਂ ਦੀ ਖਸਤਾ ਹਾਲਤ, ਕਿਸਾਨਾਂ-ਆੜ੍ਹਤੀਆਂ ਲਈ ਬਣੀ ਮੁਸੀਬਤ ਚਾਦਰਾਂ ਗਲ ਕੇ ਲਟਕੀਆਂ, ਮੀਂਹ ਪਿਆ ਤਾਂ ਆਲੂਆਂ ਦੀ ਫਸਲ ਹੋ ਜਾਵੇਗੀ ਖ਼ਰਾਬ ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੀ ਬਹਾਦਰ ਕੇ ਰੋਡ ਸਥਾਨਕ ਸਬਜ਼ੀ ਮੰਡੀ ਵਿੱਚ ਆਲੂਆਂ ਦੇ ਸ਼ੈੱਡਾਂ ਦੀ ਖਸਤਾ ਹਾਲਤ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸ਼ੈੱਡਾਂ ਉੱਪਰ ਪਈਆਂ ਚਾਦਰਾਂ ਕਈ ਥਾਵਾਂ ਤੋਂ ਗਲ-ਸੜ ਕੇ ਹੇਠਾਂ ਲਟਕ ਰਹੀਆਂ ਹਨ, ਜਿਸ ਕਾਰਨ ਮੰਡੀ ਵਿੱਚ ਫਸਲ ਨੂੰ ਸੰਭਾਲਣ ਵਾਲਿਆਂ ਨੂੰ ਹਰ ਸਮੇਂ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਸ਼ੈੱਡਾਂ ਹੇਠਾਂ ਆਲੂਆਂ ਦੇ ਬੋਰੇ ਵੱਡੀ ਗਿਣਤੀ ਵਿੱਚ ਭਰੇ ਜਾ ਰਹੇ ਹਨ। ਅਜਿਹੇ ਵਿੱਚ ਜੇਕਰ ਬਾਰਿਸ਼ ਹੁੰਦੀ ਹੈ ਤਾਂ ਖਸਤਾ ਚਾਦਰਾਂ ਰਾਹੀਂ ਪਾਣੀ ਦੀਆਂ ਵਾਛੜਾਂ ਸਿੱਧੀਆਂ ਆਲੂਆਂ ਦੀਆਂ ਬੋਰੀਆਂ ’ਤੇ ਪੈਣ ਦਾ ਖਤਰਾ ਹੈ। ਇਸ ਨਾਲ ਆਲੂ ਗਲਣ-ਸੜਨ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਹਾਲਾਂਕਿ ਬੀਤੇ ਦਿਨੀਂ ਪਈ ਬਰਸਾਤਾਂ ਚ ਵੀ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੰਡੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਫਸਲ ਦੀ ਸਾਂਭ-ਸੰਭਾਲ ਲਈ ਜੇਕਰ ਮੁੱਢਲੀਆਂ ਸਹੂਲਤਾਂ ਹੀ ਠੀਕ ਨਾ ਹੋਣ ਤਾਂ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫਿਰ ਸਕਦਾ ਹੈ। ਉਨ੍ਹਾਂ ਮੁਤਾਬਕ ਫਸਲ ਖਰਾਬ ਹੋਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਆਪਣਾ ਆਲੂ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਆੜ੍ਹਤੀਆਂ ਮੁਤਾਬਕ ਸ਼ੈੱਡਾਂ ਦੀ ਖਸਤਾ ਹਾਲਤ ਬਾਰੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਹਾਲਾਤ ਵਿੱਚ ਕੋਈ ਖਾਸ ਸੁਧਾਰ ਦਿਖਾਈ ਨਹੀਂ ਦੇ ਰਿਹਾ। ਹੁਣ ਸਵਾਲ ਇਹ ਹੈ ਕਿ ਜਦੋਂ ਮਾਰਕੀਟ ਕਮੇਟੀ ਨੂੰ ਸਮੱਸਿਆ ਦੀ ਜਾਣਕਾਰੀ ਹੈ ਤਾਂ ਸ਼ੈੱਡਾਂ ਦੀ ਮੁਰੰਮਤ ਦਾ ਕੰਮ ਕਦੋਂ ਸ਼ੁਰੂ ਹੋਵੇਗਾ। ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਪੰਜ-ਛੇ ਮਹੀਨੇ ਪਹਿਲਾਂ ਸ਼ੈਡਾਂ ਦੀ ਖਸਤਾ ਹਾਲਤ ਨੂੰ ਲੈ ਕੇ ਮਤਾ ਪਾਇਆ ਜਾ ਚੁੱਕਾ ਹੈ ਤਾਂ ਅਜੇ ਤੱਕ ਇਸ ’ਤੇ ਕਾਰਵਾਈ ਕਿਉਂ ਨਹੀਂ ਹੋ ਸਕੀ। ਕੀ ਕਿਸਾਨਾਂ ਅਤੇ ਆੜ੍ਹਤੀਆਂ ਦੀ ਫਸਲ ਨੂੰ ਨੁਕਸਾਨ ਹੋਣ ਤੋਂ ਬਾਅਦ ਹੀ ਮਾਰਕੀਟ ਕਮੇਟੀ ਜਾਗੇਗੀ। ਸ਼ੈੱਡਾਂ ਦੀ ਮੁਰੰਮਤ ਦਾ ਮਤਾ ਪਾਇਆ : ਖੰਗੂੜਾ ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਦੱਸਿਆ ਕਿ ਸ਼ੈੱਡਾਂ ਦੀ ਹਾਲਤ ਨੂੰ ਲੈ ਕੇ ਮਤਾ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦਾ ਹੀ ਪਾਇਆ ਹੋਇਆ ਹੈ। ਮੇਰੇ ਵੱਲੋਂ ਵੀ ਇਸ ਬਾਰੇ ਕਿਹਾ ਗਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਮਤਾ ਕਿੰਨੇ ਸਮੇਂ ਤੋਂ ਪਾਇਆ ਹੋਇਆ ਹੈ ਤਾਂ ਉਨ੍ਹਾਂ ਦੱਸਿਆ ਕਿ ਕਰੀਬ ਪੰਜ-ਛੇ ਮਹੀਨੇ ਹੋ ਚੁੱਕੇ ਹਨ।