ਯੂਸੀਪੀਐੱਮਏ ਦੇ ਵਫ਼ਦ ਨੇ ਜੀਐੱਸਟੀ ਵਿਭਾਗ ਨਾਲ ਕੀਤੀ ਮੀਟਿੰਗ ਯੂਸੀਪੀਐਮਏ ਦੇ ਵਫ਼ਦ ਨੇ ਜੀਐੱਸਟੀ ਵਿਭਾਗ ਨਾਲ ਕੀਤੀ ਮੀਟਿੰਗ
Publish Date: Thu, 24 Sep 2026 07:40 PM (IST)
Updated Date: Thu, 24 Sep 2026 07:42 PM (IST)
ਲੀਡ -ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ ਕੋਲ ਰਿਫੰਡ ਸਮੇਤ ਹੋਰ ਸਮੱਸਿਆਵਾਂ ਦਾ ਮੁੱਦਾ ਚੁੱਕਿਆ -ਉਦਯੋਗ ਨੂੰ ਆਰਥਿਕ ਪਰੇਸ਼ਾਨੀ ਤੋਂ ਬਚਾਉਣ ਲਈ ਵਿਭਾਗ ਜੀਐੱਸਟੀ ਰਿਫੰਡ ਦੀ ਪ੍ਰਕਿਰਿਆ ਤੇਜ਼ ਕਰੇ : ਲੱਕੀ, ਮਿੱਤਲ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਵਫ਼ਦ ਨੇ ਚੇਅਰਮੈਨ ਜਤਿੰਦਰ ਮਿੱਤਲ ਅਤੇ ਪ੍ਰਧਾਨ ਹਰਸਿਮਰਤ ਸਿੰਘ ਲੱਕੀ ਦੀ ਅਗਵਾਈ ਹੇਠ ਲੁਧਿਆਣਾ ਡਿਵੀਜ਼ਨ ਦੀ ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ (ਜੀਐੱਸਟੀ) ਰਣਧੀਰ ਕੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਦਯੋਗ ਨੂੰ ਦਰਪੇਸ਼ ਜੀਐੱਸਟੀ ਰਿਫੰਡ, ਪੋਰਟਲ ਨਾਲ ਜੁੜੀਆਂ ਤਕਨੀਕੀ ਦਿੱਕਤਾਂ, ਸਕਰੂਟਨੀ ਨੋਟਿਸਾਂ ਅਤੇ ਹੋਰ ਪ੍ਰਕਿਰਿਆਗਤ ਮਾਮਲਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਚੇਅਰਮੈਨ ਮਿੱਤਲ ਨੇ ਕਿਹਾ ਕਿ ਉਦਯੋਗਾਂ ਦਾ ਕਰੋੜਾਂ ਰੁਪਏ ਦਾ ਜੀਐੱਸਟੀ ਰਿਫੰਡ ਕਈ ਮਹੀਨਿਆਂ ਤੋਂ ਬਕਾਇਆ ਪਿਆ ਹੈ। ਇਸ ਕਾਰਨ ਛੋਟੇ ਅਤੇ ਦਰਮਿਆਨੇ ਨਿਰਮਾਤਾਵਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਫੰਡ ਵਿੱਚ ਦੇਰੀ ਕਾਰਨ ਉਦਯੋਗਪਤੀਆਂ ਦਾ ਕੈਸ਼ ਫਲੋ ਪ੍ਰਭਾਵਿਤ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਉਤਪਾਦਨ ਅਤੇ ਵਪਾਰ ’ਤੇ ਪੈ ਰਿਹਾ ਹੈ। ਮਿੱਤਲ ਨੇ ਕਿਹਾ ਕਿ ਲੁਧਿਆਣਾ ਦਾ ਸਾਈਕਲ ਉਦਯੋਗ ਸ਼ਹਿਰ ਦੀ ਉਦਯੋਗਿਕ ਅਰਥਵਿਵਸਥਾ ਦਾ ਅਹਿਮ ਹਿੱਸਾ ਹੈ। ਉਨ੍ਹਾਂ ਜੀਐੱਸਟੀ ਵਿਭਾਗ ਤੋਂ ਮੰਗ ਕੀਤੀ ਕਿ ਰਿਫੰਡ ਦੀ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਕੀਤਾ ਜਾਵੇ ਤਾਂ ਜੋ ਉਦਯੋਗਿਕ ਇਕਾਈਆਂ ਆਪਣਾ ਕੰਮ ਸੁਚਾਰੂ ਢੰਗ ਨਾਲ ਚਲਾ ਸਕਣ। ਉਨ੍ਹਾਂ ਸਰਕਾਰ ਤੋਂ ਉਦਯੋਗ ਪੱਖੀ ਨੀਤੀਆਂ ਅਪਣਾਉਣ ਦੀ ਵੀ ਮੰਗ ਕੀਤੀ। ਪ੍ਰਧਾਨ ਲੱਕੀ ਨੇ ਕਿਹਾ ਕਿ ਯੂਸੀਪੀਐਮਏ ਵੱਲੋਂ ਇਹ ਮੁੱਦੇ ਲੰਬੇ ਸਮੇਂ ਤੋਂ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯੋਗ ਦੇ ਵਿਕਾਸ ਲਈ ਵਿਭਾਗ ਅਤੇ ਉਦਯੋਗਪਤੀਆਂ ਵਿਚਕਾਰ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜੀਐੱਸਟੀ ਵਿਭਾਗ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਹੱਲ ਕਰੇਗਾ। ਇਸ ਮੌਕੇ ਜੀਐੱਸਟੀ ਅਧਿਕਾਰੀ ਰਣਧੀਰ ਕੌਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਠਾਏ ਗਏ ਮਾਮਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਜੀਐੱਸਟੀ ਰਿਫੰਡ ਨਾਲ ਸਬੰਧਤ ਬਕਾਇਆ ਮਾਮਲਿਆਂ ਦਾ ਜਲਦ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੀਐੱਸਟੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਵੀ ਨਿਯਮਾਂ ਅਨੁਸਾਰ ਹੱਲ ਕੀਤਾ ਜਾਵੇਗਾ ਅਤੇ ਬਕਾਇਆ ਮਾਮਲਿਆਂ ਨੂੰ ਤਰਜੀਹ ਦੇ ਆਧਾਰ ’ਤੇ ਨਿਪਟਾਉਣ ਲਈ ਕਾਰਵਾਈ ਕੀਤੀ ਜਾਵੇਗੀ। ਵਫ਼ਦ ਵਿੱਚ ਮੁੱਖ ਸਲਾਹਕਾਰ ਰਾਜਿੰਦਰ ਨਾਰੰਗ, ਸਰਪ੍ਰਸਤ ਅਵਤਾਰ ਸਿੰਘ ਭੋਗਲ, ਜਨਰਲ ਸਕੱਤਰ ਵਰੁਣ ਕਪੂਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ, ਮੀਤ ਪ੍ਰਧਾਨ ਇੰਦਰਜੀਤ ਸਿੰਘ ਨਵਯੁੱਗ, ਪ੍ਰਚਾਰ ਸਕੱਤਰ ਮਨੋਜ ਦੂਆ, ਸੀਨੀਅਰ ਐਡਵੋਕੇਟ ਗੌਰਵ ਸ਼ਰਮਾ ਸਮੇਤ ਹੋਰ ਉਦਯੋਗਪਤੀ ਮੌਜੂਦ ਸਨ।