ਢੋਲੇਵਾਲ ’ਚ ਪਾਰਕ ਜਾਂ ਕੂੜੇ ਦਾ ਡੰਪ? ਸਫ਼ਾਈ ਪ੍ਰਬੰਧਾਂ ’ਤੇ ਵੱਡੇ ਸਵਾਲ ਢੋਲੇਵਾਲ ’ਚ ਪਾਰਕ ਜਾਂ ਕੂੜੇ ਦਾ ਡੰਪ? ਸਫ਼ਾਈ ਪ੍ਰਬੰਧਾਂ ’ਤੇ ਵੱਡੇ ਸਵਾਲ
Publish Date: Thu, 24 Sep 2026 07:36 PM (IST)
Updated Date: Thu, 24 Sep 2026 07:39 PM (IST)
ਨਿਗਮ ਦੀ ‘ਸਫ਼ਾਈ ਮੁਹਿੰਮ’ ਦੇ ਦਾਅਵਿਆਂ ਵਿਚਕਾਰ ਪਾਰਕ ’ਚ ਥਾਂ-ਥਾਂ ਕੂੜਾ ਤੇ ਸੜਕਾਂ ਦਾ ਮਲਬਾ ਗੁਰਦੁਆਰੇ ਤੇ ਮੰਦਰ ਨੇੜੇ ਗੰਦਗੀ ਕਾਰਨ ਸ਼ਰਧਾਲੂ, ਦੁਕਾਨਦਾਰ ਤੇ ਰਾਹਗੀਰ ਪਰੇਸ਼ਾਨ ਇਲਾਕਾ ਵਾਸੀਆਂ ਨੇ ਪਾਰਕ ਦੀ ਸਫ਼ਾਈ, ਮਲਬਾ ਹਟਾਉਣ ਤੇ ਕਥਿਤ ਕਬਜ਼ਿਆਂ ਦੀ ਜਾਂਚ ਦੀ ਕੀਤੀ ਮੰਗ ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਸਫ਼ਾਈ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਢੋਲੇਵਾਲ ਚੌਕ ਨੇੜੇ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਕੋਲ ਸਥਿਤ ਪਾਰਕ ਦੀ ਮੌਜੂਦਾ ਹਾਲਤ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਨਜ਼ਰ ਆ ਰਹੀ ਹੈ। ਇਲਾਕਾ ਵਾਸੀਆਂ ਅਨੁਸਾਰ ਕਦੇ ਲੋਕਾਂ ਲਈ ਸੈਰ-ਸਪਾਟੇ ਅਤੇ ਖੁੱਲ੍ਹੀ ਹਵਾ ਵਿੱਚ ਬੈਠਣ ਦੀ ਥਾਂ ਵਜੋਂ ਵਰਤਿਆ ਜਾਣ ਵਾਲਾ ਇਹ ਪਾਰਕ ਹੁਣ ਹੌਲੀ-ਹੌਲੀ ਕੂੜੇ ਅਤੇ ਮਲਬੇ ਦੇ ਢੇਰਾਂ ਨਾਲ ਘਿਰਦਾ ਜਾ ਰਿਹਾ ਹੈ। ਪਾਰਕ ਵਿੱਚ ਥਾਂ-ਥਾਂ ਕੂੜਾ-ਕਰਕਟ ਪਿਆ ਹੋਣ ਦੇ ਨਾਲ-ਨਾਲ ਸੜਕਾਂ ਦੀ ਖੁਦਾਈ ਤੋਂ ਨਿਕਲਿਆ ਮਲਬਾ ਵੀ ਇਕੱਠਾ ਕੀਤਾ ਹੋਇਆ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜੇਕਰ ਸਮੇਂ ਸਿਰ ਪਾਰਕ ਦੀ ਸਫ਼ਾਈ ਅਤੇ ਰੱਖ-ਰਖਾਅ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਥਾਂ ਆਪਣੀ ਅਸਲ ਵਰਤੋਂ ਤੋਂ ਪੂਰੀ ਤਰ੍ਹਾਂ ਵਾਂਝੀ ਹੋ ਸਕਦੀ ਹੈ। ਕੂੜੇ ਦੇ ਨਾਲ ਸੜਕਾਂ ਦਾ ਮਲਬਾ ਵੀ ਪਾਰਕ ’ਚ ਪਹੁੰਚਣ ਦੀ ਗੱਲ ਇਲਾਕਾ ਵਾਸੀਆਂ ਅਨੁਸਾਰ ਪਾਰਕ ਵਿੱਚ ਸਿਰਫ਼ ਘਰੇਲੂ ਕੂੜਾ ਹੀ ਨਹੀਂ, ਸਗੋਂ ਵੱਖ-ਵੱਖ ਵਿਕਾਸ ਕਾਰਜਾਂ ਦੌਰਾਨ ਸੜਕਾਂ ਤੋਂ ਨਿਕਲਣ ਵਾਲਾ ਮਲਬਾ ਵੀ ਸੁੱਟਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਦੀ ਪੁਟਾਈ ਤੋਂ ਬਾਅਦ ਨਿਕਲਣ ਵਾਲਾ ਮਲਬਾ ਜੇਕਰ ਢੁਕਵੀਂ ਥਾਂ ’ਤੇ ਲਿਜਾਣ ਦੀ ਬਜਾਏ ਪਾਰਕ ਵਿੱਚ ਹੀ ਇਕੱਠਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਪਾਰਕ ਦੀ ਹਾਲਤ ਹੋਰ ਖ਼ਰਾਬ ਹੁੰਦੀ ਹੈ। ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਕਿ ਪ੍ਰਾਈਵੇਟ ਤੌਰ ’ਤੇ ਘਰਾਂ ਤੋਂ ਕੂੜਾ ਇਕੱਠਾ ਕਰਨ ਵਾਲੇ ਕੁਝ ਕਰਮਚਾਰੀਆਂ ਵੱਲੋਂ ਵੀ ਕੂੜਾ ਪਾਰਕ ਵਿੱਚ ਸੁੱਟੇ ਜਾਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਹਾਲਾਂਕਿ ਇਸ ਸਬੰਧੀ ਨਿਗਮ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ। ਮਾਮੂਲੀ ਬਰਸਾਤ ਮਗਰੋਂ ਬਦਬੂ ਦੀ ਸਮੱਸਿਆ ਲੋਕਾਂ ਦਾ ਕਹਿਣਾ ਹੈ ਕਿ ਪਾਰਕ ਵਿੱਚ ਪਿਆ ਕੂੜਾ ਅਤੇ ਗਿੱਲਾ ਮਲਬਾ ਬਰਸਾਤ ਦੇ ਦਿਨਾਂ ਵਿੱਚ ਹੋਰ ਸਮੱਸਿਆ ਪੈਦਾ ਕਰਦਾ ਹੈ। ਮਾਮੂਲੀ ਬਰਸਾਤ ਤੋਂ ਬਾਅਦ ਕੂੜੇ ਵਿੱਚੋਂ ਬਦਬੂ ਆਉਣ ਕਾਰਨ ਨੇੜਲੇ ਘਰਾਂ ਅਤੇ ਦੁਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਅਨੁਸਾਰ ਜੇਕਰ ਪਾਰਕ ਦੀ ਨਿਯਮਤ ਸਫ਼ਾਈ, ਕੂੜੇ ਦੀ ਸਮੇਂ ਸਿਰ ਚੁਕਾਈ ਅਤੇ ਮਲਬੇ ਨੂੰ ਹਟਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਸਥਿਤੀ ਵਿੱਚ ਕਾਫ਼ੀ ਸੁਧਾਰ ਹੋ ਸਕਦਾ ਹੈ। ਇੰਡਸਟਰੀਅਲ ਇਲਾਕੇ ’ਚ ਪਹਿਲਾਂ ਹੀ ਪਾਰਕਾਂ ਦੀ ਘਾਟ ਸਥਾਨਕ ਲੋਕਾਂ ਨੇ ਕਿਹਾ ਕਿ ਢੋਲੇਵਾਲ ਅਤੇ ਆਸ-ਪਾਸ ਦਾ ਇਲਾਕਾ ਉਦਯੋਗਿਕ ਖੇਤਰ ਨਾਲ ਜੁੜਿਆ ਹੋਇਆ ਹੈ, ਜਿੱਥੇ ਹਰੇ-ਭਰੇ ਅਤੇ ਖੁੱਲ੍ਹੇ ਸਥਾਨਾਂ ਦੀ ਪਹਿਲਾਂ ਹੀ ਕਮੀ ਹੈ। ਅਜਿਹੇ ਵਿੱਚ ਮੌਜੂਦਾ ਪਾਰਕ ਦੀ ਸੰਭਾਲ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਕ ਦੀ ਸਫ਼ਾਈ ਕਰਵਾ ਕੇ ਕੂੜਾ ਅਤੇ ਮਲਬਾ ਹਟਾਇਆ ਜਾਵੇ, ਬੂਟੇ ਅਤੇ ਹਰਿਆਲੀ ਦੀ ਸੰਭਾਲ ਕੀਤੀ ਜਾਵੇ ਅਤੇ ਬੈਠਣ ਤੇ ਸੈਰ ਕਰਨ ਲਈ ਢੁਕਵਾਂ ਮਾਹੌਲ ਬਣਾਇਆ ਜਾਵੇ ਤਾਂ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਪਾਰਕ ਦੇ ਕੁਝ ਹਿੱਸਿਆਂ ’ਚ ਕਥਿਤ ਕਬਜ਼ਿਆਂ ਦੀ ਵੀ ਚਰਚਾ ਪਾਰਕ ਦੇ ਇੱਕ ਹਿੱਸੇ ਵਿੱਚ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਕਬਜ਼ੇ ਕੀਤੇ ਜਾਣ ਦੀ ਗੱਲ ਵੀ ਇਲਾਕਾ ਵਾਸੀਆਂ ਵੱਲੋਂ ਕਹੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਦੀ ਟੀਮ ਮੌਕੇ ਦਾ ਨਿਰੀਖਣ ਕਰੇ ਅਤੇ ਜੇਕਰ ਸਰਕਾਰੀ ਜ਼ਮੀਨ ’ਤੇ ਨਿਯਮਾਂ ਦੀ ਉਲੰਘਣਾ ਜਾਂ ਕੋਈ ਨਾਜਾਇਜ਼ ਕਬਜ਼ਾ ਸਾਹਮਣੇ ਆਉਂਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।ਲੋਕਾਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਪਹਿਲਾਂ ਮੌਕੇ ਦੀ ਜਾਂਚ ਕਰਕੇ ਤੱਥ ਸਾਹਮਣੇ ਲਿਆਂਦੇ ਜਾਣ ਅਤੇ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇ। ਧਾਰਮਿਕ ਸਥਾਨਾਂ ਨੇੜੇ ਗੰਦਗੀ ਤੋਂ ਸ਼ਰਧਾਲੂ ਵੀ ਪਰੇਸ਼ਾਨ ਪਾਰਕ ਦੇ ਨੇੜੇ ਗੁਰਦੁਆਰਾ ਸਾਹਿਬ ਅਤੇ ਮੰਦਰ ਹੋਣ ਕਾਰਨ ਇੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਅਤੇ ਸ਼ਰਧਾਲੂ ਆਉਂਦੇ-ਜਾਂਦੇ ਹਨ। ਇਲਾਕਾ ਵਾਸੀਆਂ ਅਨੁਸਾਰ ਪਾਰਕ ਅਤੇ ਆਸ-ਪਾਸ ਕੂੜਾ ਅਤੇ ਮਲਬਾ ਪਿਆ ਹੋਣ ਕਾਰਨ ਰਾਹਗੀਰਾਂ ਅਤੇ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ।ਢੋਲੇਵਾਲ ਨਿਵਾਸੀ ਕਰਮਜੀਤ ਕੌਰ, ਪਿੰਦਰ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਮੱਥਾ ਟੇਕਣ ਜਾਂਦੇ ਹਨ ਅਤੇ ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਸਥਾਨਾਂ ਦੇ ਆਸ-ਪਾਸ ਸਫ਼ਾਈ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਬਿਜਲੀ ਦਫ਼ਤਰ ਦੇ ਬਾਹਰ ਵੀ ਕੂੜੇ ਦੇ ਢੇਰ ਹੋਣ ਦੀ ਸ਼ਿਕਾਇਤ ਢੋਲੇਵਾਲ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ 66 ਕੇਵੀ ਸਬ-ਸਟੇਸ਼ਨ ਢੋਲੇਵਾਲ ਦੇ ਮੁੱਖ ਅਫਸਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੂੜੇ ਦੀ ਸਮੱਸਿਆ ਬਾਰੇ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਿਆ। ਇਸ ਕਾਰਨ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਵੀ ਮੁਸ਼ਕਲ ਹੋਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਨੇੜਲੇ ਇੱਕ ਸਰਵਿਸ ਸਟੇਸ਼ਨ ਦੇ ਬਾਹਰ ਵੀ ਕੂੜਾ ਇਕੱਠਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸ਼ਿਕਾਇਤ ਸਥਾਨਕ ਲੋਕਾਂ ਵੱਲੋਂ ਕੀਤੀ ਗਈ ਹੈ। ਲੋਕਾਂ ਨੇ ਮੇਅਰ ਤੇ ਕਮਿਸ਼ਨਰ ਤੋਂ ਦਖ਼ਲ ਦੀ ਕੀਤੀ ਮੰਗ ਇਲਾਕਾ ਵਾਸੀਆਂ ਨੇ ਵਿਧਾਇਕ, ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਤੋਂ ਮੰਗ ਕੀਤੀ ਹੈ ਕਿ ਪਾਰਕ ਦੀ ਤੁਰੰਤ ਸਫ਼ਾਈ ਕਰਵਾ ਕੇ ਕੂੜਾ ਅਤੇ ਸੜਕਾਂ ਦਾ ਮਲਬਾ ਹਟਾਇਆ ਜਾਵੇ। ਇਸ ਦੇ ਨਾਲ ਹੀ ਪਾਰਕ ਵਿੱਚ ਕੂੜਾ ਸੁੱਟਣ ਦੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਦੀ ਵੀ ਮੰਗ ਕੀਤੀ ਗਈ ਹੈ। ਲੋਕਾਂ ਨੇ ਕਿਹਾ ਕਿ ਜੇਕਰ ਪਾਰਕ ਦੀ ਨਿਯਮਤ ਸਫ਼ਾਈ, ਰੱਖ-ਰਖਾਅ ਅਤੇ ਨਿਗਰਾਨੀ ਯਕੀਨੀ ਬਣਾਈ ਜਾਵੇ ਤਾਂ ਇਸ ਨੂੰ ਮੁੜ ਸਾਫ਼-ਸੁਥਰੀ ਅਤੇ ਸੁੰਦਰ ਸੈਰਗਾਹ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਥਿਤ ਕਬਜ਼ਿਆਂ ਦੀ ਵੀ ਨਿਰਪੱਖ ਜਾਂਚ ਕਰਵਾਉਣ ਅਤੇ ਜੇਕਰ ਕੋਈ ਉਲੰਘਣਾ ਸਾਹਮਣੇ ਆਵੇ ਤਾਂ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੀ ਕਹਿੰਦੇ ਨੇ ਇਲਾਕਾ ਕੌਂਸਲਰ ਵਾਰਡ ਨੰਬਰ 72 ਦੇ ਕੌਂਸਲਰ ਇਕਬਾਲ ਸਿੰਘ ਸੋਨੂੰ ਨੇ ਕਿਹਾ ਕਿ ਪਾਰਕ ਦੀ ਸਫ਼ਾਈ ਸਬੰਧੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਜਲਦ ਸਫ਼ਾਈ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਸਬੰਧੀ ਅਧਿਕਾਰੀਆਂ ਨਾਲ ਗੱਲ ਕਰਕੇ ਜਲਦ ਕਾਰਵਾਈ ਕਰਵਾਉਣਗੇ।