ਗਲੀਆਂ ਤੋਂ ਮੁੱਖ ਸੜਕ ਤੱਕ ਸੀਵਰੇਜ ਦਾ ਪਾਣੀ, ਢੰਡਾਰੀ ’ਚ ਵਧਦਾ ਜਾ ਰਿਹਾ ਸੰਕਟ 3 ਨੰਬਰ ਲਈ:ਗਲੀਆਂ ਤੋਂ ਮੁੱਖ ਸੜਕ ਤੱਕ ਸੀਵਰੇਜ ਦਾ ਪਾਣੀ, ਢੰਡਾਰੀ ਵਿੱਚ ਵਧਦਾ ਜਾ ਰਿਹਾ ਸੰਕਟ
Publish Date: Thu, 24 Sep 2026 06:52 PM (IST)
Updated Date: Thu, 24 Sep 2026 06:54 PM (IST)
ਲੀਡ -ਪ੍ਰੇਮ ਨਗਰ ਦੀਆਂ ਚਾਰ ਗਲੀਆਂ ਤੇ ਸ਼ਿਵ ਮੰਦਰ ਪਿੱਛੇ ਜਾਣ ਵਾਲੀ ਮੁੱਖ ਸੜਕ ਪ੍ਰਭਾਵਿਤ -ਨਵੀਂ ਲਾਈਨ ਪਾਉਣ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਢੰਡਾਰੀ ਖੁਰਦ ਦੇ ਵਾਰਡ ਨੰਬਰ 25 ਵਿੱਚ ਸੀਵਰੇਜ ਪ੍ਰਬੰਧਾਂ ਦੀ ਬਦਹਾਲੀ ਹੁਣ ਗਲੀਆਂ ਤੋਂ ਨਿਕਲ ਕੇ ਮੁੱਖ ਸੜਕ ਤੱਕ ਪਹੁੰਚ ਗਈ ਹੈ। ਪ੍ਰੇਮ ਨਗਰ ਦੀ ਗਲੀ ਨੰਬਰ ਇੱਕ ਤੋਂ ਲੈ ਕੇ ਚਾਰ ਤੱਕ ਕਈ ਥਾਵਾਂ ’ਤੇ ਸੀਵਰੇਜ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਜਮ੍ਹਾਂ ਹੈ। ਇਸੇ ਤਰ੍ਹਾਂ ਪ੍ਰੇਮ ਨਗਰ ਸ਼ਿਵ ਮੰਦਰ ਦੇ ਪਿੱਛਿਓਂ ਵਿਸ਼ਾਖਾ ਜਾੜ ਕਾਲੋਨੀ ਵੱਲ ਜਾਣ ਵਾਲੀ ਮੁੱਖ ਸੜਕ ’ਤੇ ਵੀ ਸੀਵਰੇਜ ਦਾ ਪਾਣੀ ਫੈਲਣ ਕਾਰਨ ਲੋਕਾਂ ਨੂੰ ਆਉਣ-ਜਾਣ ’ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ, ਪਰ ਇਸ ਦਾ ਸਥਾਈ ਹੱਲ ਨਹੀਂ ਹੋ ਰਿਹਾ। ਮੌਕੇ ’ਤੇ ਹਾਲਾਤ ਇਹ ਹਨ ਕਿ ਸੀਵਰੇਜ ਦਾ ਪਾਣੀ ਸੜਕਾਂ ’ਤੇ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਪੈਦਲ ਜਾਣ ਵਾਲੇ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ, ਜਦਕਿ ਦੋਪਹੀਆ ਵਾਹਨ ਚਾਲਕ ਵੀ ਇਸੇ ਪਾਣੀ ਵਿੱਚੋਂ ਨਿਕਲਣ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਓਵਰਫਲੋ ਦੀ ਸਮੱਸਿਆ ਕਈ ਦਿਨਾਂ ਤੱਕ ਬਣੀ ਰਹਿਣ ਕਾਰਨ ਬਦਬੂ ਦਾ ਮਾਹੌਲ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਮੁਤਾਬਕ ਢੰਡਾਰੀ ਖੁਰਦ ਵਿੱਚ ਸੀਵਰੇਜ ਦੀ ਸਮੱਸਿਆ ਦੂਰ ਕਰਨ ਲਈ ਕੁਝ ਦਿਨ ਪਹਿਲਾਂ ਨਵੀਆਂ ਸੀਵਰੇਜ ਲਾਈਨਾਂ ਵੀ ਪਾਈਆਂ ਗਈਆਂ ਸਨ। ਇਸ ਦੇ ਬਾਵਜੂਦ ਪ੍ਰੇਮ ਨਗਰ ਦੀਆਂ ਗਲੀਆਂ ਵਿੱਚ ਸੀਵਰੇਜ ਓਵਰਫਲੋ ਹੋਣ ਦੀ ਸਮੱਸਿਆ ਖਤਮ ਨਹੀਂ ਹੋਈ। ਲੋਕਾਂ ਦਾ ਕਹਿਣਾ ਹੈ ਕਿ ਨਵੀਂ ਲਾਈਨ ਪਾਉਣ ਤੋਂ ਬਾਅਦ ਵੀ ਜੇਕਰ ਸੀਵਰੇਜ ਦਾ ਪਾਣੀ ਸੜਕਾਂ ’ਤੇ ਆ ਰਿਹਾ ਹੈ ਤਾਂ ਪੂਰੇ ਨੈੱਟਵਰਕ ਅਤੇ ਕੁਨੈਕਸ਼ਨਾਂ ਦੀ ਜਾਂਚ ਕਰਵਾਉਣ ਦੀ ਲੋੜ ਹੈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਸੀਵਰੇਜ ਜਾਮ ਜਾਂ ਓਵਰਫਲੋ ਹੋਣ ਦੀ ਸ਼ਿਕਾਇਤ ਮਿਲਣ ’ਤੇ ਸਬੰਧਤ ਕਰਮਚਾਰੀ ਮੌਕੇ ’ਤੇ ਪਹੁੰਚ ਕੇ ਇੱਕ-ਦੋ ਦਿਨਾਂ ਵਿੱਚ ਸਮੱਸਿਆ ਦੂਰ ਕਰ ਦਿੰਦੇ ਸਨ। ਹੁਣ ਠੇਕੇਦਾਰ ਰਾਹੀਂ ਕੰਮ ਕਰਵਾਏ ਜਾਣ ਤੋਂ ਬਾਅਦ ਸ਼ਿਕਾਇਤਾਂ ਦੇ ਬਾਵਜੂਦ ਲੋਕਾਂ ਨੂੰ ਲੰਬੇ ਸਮੇਂ ਤੱਕ ਰਾਹਤ ਨਹੀਂ ਮਿਲਦੀ। ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਸਮੱਸਿਆ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਠੋਸ ਕਾਰਵਾਈ ਨਹੀਂ ਹੋ ਰਹੀ। ਸੜਕ ਦਾ ਟੈਂਡਰ ਪਾਸ, ਨਿਰਮਾਣ ਦੀ ਉਡੀਕ ਸੀਵਰੇਜ ਦੇ ਨਾਲ ਇਲਾਕੇ ਦੀ ਸੜਕ ਦੀ ਸਮੱਸਿਆ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਲੋਕਾਂ ਮੁਤਾਬਕ ਸੜਕ ਬਣਾਉਣ ਦਾ ਟੈਂਡਰ ਪਾਸ ਹੋ ਚੁੱਕਾ ਹੈ, ਪਰ ਅਜੇ ਤੱਕ ਸੜਕ ਦਾ ਨਿਰਮਾਣ ਨਹੀਂ ਹੋਇਆ। ਅਜਿਹੇ ਵਿੱਚ ਸੀਵਰੇਜ ਓਵਰਫਲੋ ਹੋਣ ’ਤੇ ਕੱਚੀ ਸੜਕ ’ਤੇ ਪਾਣੀ ਫੈਲਣ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਰਸ਼ਦ ਸੁਖਜਿੰਦਰ ਕੌਰ ਨੂੰ ਢੰਡਾਰੀ ਖੇਤਰ ਤੋਂ ਵੱਡੀ ਜਿੱਤ ਦਿਵਾਈ ਸੀ ਅਤੇ ਉਮੀਦ ਸੀ ਕਿ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਲੋਕਾਂ ਮੁਤਾਬਕ ਸੀਵਰੇਜ ਅਤੇ ਸੜਕ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕੀ ਕਹਿੰਦੇ ਹਨ ਨਗਰ ਨਿਗਮ ਬੀਐਂਡਆਰ ਬ੍ਰਾਂਚ ਦੇ ਐਕਸੀਅਨ ਇਸ ਸਬੰਧੀ ਨਗਰ ਨਿਗਮ ਬੀਐਂਡਆਰ ਬ੍ਰਾਂਚ ਦੇ ਐਕਸੀਅਨ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲਦ ਹੀ ਮੌਕੇ ਦਾ ਜਾਇਜ਼ਾ ਲੈ ਕੇ ਸੜਕ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ। ਕੀ ਕਹਿੰਦੇ ਹਨ ਓਐਂਡਐੱਮ ਬ੍ਰਾਂਚ ਦੇ ਜੂਨੀਅਰ ਇੰਜੀਨੀਅਰ ਇਸ ਸਬੰਧੀ ਨਗਰ ਨਿਗਮ ਓਐਂਡਐੱਮ ਬ੍ਰਾਂਚ ਦੇ ਜੂਨੀਅਰ ਇੰਜੀਨੀਅਰ ਦੇਵਿੰਦਰ ਸਿੰਘ ਨੇ ਦੱਸਿਆ ਕਿ ਸੀਵਰੇਜ ਲਾਈਨਾਂ ਨੂੰ ਜਲਦ ਚੈੱਕ ਕਰਵਾ ਕੇ ਸਮੱਸਿਆ ਦਾ ਸਥਾਈ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇਲਾਕੇ ’ਚ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਗਈਆਂ ਹਨ। ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਨਵੀਂ ਲਾਈਨ ਨਾਲ ਆਪਣੇ ਕੁਨੈਕਸ਼ਨ ਨਾ ਜੋੜੇ ਹੋਣ। ਇਸ ਦੀ ਜਾਂਚ ਕਰਵਾਉਣ ਤੋਂ ਬਾਅਦ ਅਸਲ ਸਮੱਸਿਆ ਦਾ ਪਤਾ ਲੱਗ ਸਕੇਗਾ।