ਵੱਖ-ਵੱਖ ਮਾਮਲਿਆਂ ’ਚ 7 ਜਣੇ ਗ੍ਰਿਫ਼ਤਾਰ 3 ਨੰਬਰ ਦੀ ਲੀਡ-ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ 15 ਦਿਨਾਂ ਦੀ ਮੁਹਿੰਮ ’ਚ 7 ਗ੍ਰਿਫ਼ਤਾਰ
Publish Date: Wed, 23 Sep 2026 09:11 PM (IST)
Updated Date: Thu, 24 Sep 2026 04:03 AM (IST)
- 1600 ਤੋਂ ਵੱਧ ਵਿਅਕਤੀਆਂ ਦੀ ਜਾਂਚ, 8 ਮੁਕੱਦਮੇ ਦਰਜ - ਕਾਲੀ ਫ਼ਿਲਮ, ਫਲੈਸ਼ਰ ਤੇ ਹੂਟਰ ਲਗਾਉਣ ਵਾਲਿਆਂ ’ਤੇ ਵੀ ਕਾਰਵਾਈ ਫੋਟੋ ਨੰਬਰ-19,20 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਕਮਿਸ਼ਨਰੇਟ ਪੁਲਿਸ ਵੱਲੋਂ ਮਹਾਨਗਰ ’ਚ ਅਮਨ-ਕਾਨੂੰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਵੱਲੋਂ 1600 ਤੋਂ ਵੱਧ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਦਕਿ ਵੱਖ-ਵੱਖ ਮਾਮਲਿਆਂ ’ਚ 8 ਮੁਕੱਦਮੇ ਦਰਜ ਕਰ ਕੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਗੈਰਕਾਨੂੰਨੀ ਗਤੀਵਿਧੀਆਂ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਵੀ ਸਖ਼ਤੀ ਕੀਤੀ। ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਵਿੱਚ ਡੀਸੀਪੀ ਪੱਧਰ ਦੇ ਅਧਿਕਾਰੀਆਂ ਨੇ ਖੁਦ ਫੀਲਡ ਵਿੱਚ ਰਹਿ ਕੇ ਕਾਰਵਾਈ ਦੀ ਨਿਗਰਾਨੀ ਕੀਤੀ। ਏਸੀਪੀ, ਥਾਣਾ ਮੁਖੀਆਂ ਅਤੇ ਹੋਰ ਪੁਲਿਸ ਟੀਮਾਂ ਨੂੰ ਨਾਲ ਲੈ ਕੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ। ਪੁਲਿਸ ਦਾ ਮੁੱਖ ਮਕਸਦ ਅਪਰਾਧ ਹੋਣ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਸੰਭਾਵਿਤ ਖਤਰਿਆਂ ਦੀ ਪਹਿਲਾਂ ਪਛਾਣ ਕਰਕੇ ਉਨ੍ਹਾਂ ਨੂੰ ਰੋਕਣਾ ਰਿਹਾ। ਮੁਹਿੰਮ ਦੌਰਾਨ ਹੋਟਲਾਂ ਅਤੇ ਗਨ ਹਾਊਸਜ ਦੀ ਸੁਰੱਖਿਆ ਜਾਂਚ ਕੀਤੀ ਗਈ। ਇਸ ਦੇ ਨਾਲ ਗੈਰ-ਕਾਨੂੰਨੀ ਸਪਾ ਸੈਂਟਰਾਂ, ਹੁੱਕਾ ਬਾਰਾਂ, ਸੈਲੂਨਾਂ, ਕੈਸੀਨੋ ਤੇ ਸੱਟੇਬਾਜ਼ੀ ਵਾਲੀਆਂ ਥਾਵਾਂ ’ਤੇ ਵੀ ਚੈਕਿੰਗ ਕੀਤੀ ਗਈ। ਟਰੈਵਲ ਏਜੰਟਾਂ ਦੀ ਵੀ ਜਾਂਚ ਕੀਤੀ ਗਈ ਤਾਂ ਜੋ ਗੈਰਕਾਨੂੰਨੀ ਗਤੀਵਿਧੀਆਂ ਅਤੇ ਲੋਕਾਂ ਨਾਲ ਹੋਣ ਵਾਲੀ ਧੋਖਾਧੜੀ ਨੂੰ ਰੋਕਿਆ ਜਾ ਸਕੇ। 1094 ਟ੍ਰੈਫਿਕ ਉਲੰਘਣਾਵਾਂ ਫੜੀਆਂ ਵਾਹਨਾਂ ਵਿੱਚ ਗੈਰਕਾਨੂੰਨੀ ਤਬਦੀਲੀਆਂ ਅਤੇ ਸੜਕ ’ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਚੈਕਿੰਗ ਦੌਰਾਨ 913 ਵਾਹਨਾਂ ’ਤੇ ਕਾਲੀ ਫ਼ਿਲਮ ਲੱਗੀ ਹੋਈ ਮਿਲੀ। ਇਸ ਤੋਂ ਇਲਾਵਾ 172 ਵਾਹਨਾਂ ਵਿੱਚ ਗੈਰਕਾਨੂੰਨੀ ਫਲੈਸ਼ਰ ਲਾਈਟਾਂ ਅਤੇ 9 ਵਾਹਨਾਂ ਵਿੱਚ ਗੈਰਕਾਨੂੰਨੀ ਹੂਟਰ ਲੱਗੇ ਹੋਏ ਪਾਏ ਗਏ। ਇਸ ਤਰ੍ਹਾਂ ਕੁੱਲ 1094 ਟ੍ਰੈਫਿਕ ਉਲੰਘਣਾਵਾਂ ਸਾਹਮਣੇ ਆਈਆਂ। ਪੁਲਿਸ ਅਨੁਸਾਰ ਇਸ ਪੂਰੀ ਮੁਹਿੰਮ ਦਾ ਮਕਸਦ ਸਿਰਫ਼ ਮੁਕੱਦਮੇ ਦਰਜ ਕਰਨਾ ਜਾਂ ਗ੍ਰਿਫ਼ਤਾਰੀਆਂ ਕਰਨਾ ਨਹੀਂ, ਸਗੋਂ ਸੰਭਾਵਿਤ ਅਪਰਾਧ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਪਛਾਣ ਕੇ ਰੋਕਣਾ ਹੈ।