ਪੁਰਤਗਾਲੀ ਬਾਜ਼ਾਰ, ਨਿਵੇਸ਼ ਤੇ ਨਿਰਯਾਤ ਦੀਆਂ ਸੰਭਾਵਨਾਵਾਂ ਬਾਰੇ ਉਦਯੋਗਪਤੀਆਂ ਨਾਲ ਸੰਵਾਦ ਪੁਰਤਗਾਲੀ ਬਾਜ਼ਾਰ, ਨਿਵੇਸ਼ ਤੇ ਨਿਰਯਾਤ ਦੀਆਂ ਸੰਭਾਵਨਾਵਾਂ ਬਾਰੇ ਉਦਯੋਗਪਤੀਆਂ ਨਾਲ ਸੰਵਾਦ
Publish Date: Wed, 23 Sep 2026 09:07 PM (IST)
Updated Date: Thu, 24 Sep 2026 04:03 AM (IST)
- ਐੱਮਐੱਸਐੱਮਈਜ਼ ਨੂੰ ਕੌਮਾਂਤਰੀ ਬਾਜ਼ਾਰਾਂ ਨਾਲ ਜੋੜਨ ’ਤੇ ਦਿੱਤਾ ਜ਼ੋਰ ਫੋਟੋ ਨੰਬਰ-13 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਉਦਯੋਗਿਕ ਖੇਤਰ ਨੂੰ ਕੌਮਾਂਤਰੀ ਬਾਜ਼ਾਰਾਂ ਨਾਲ ਜੋੜਨ ਅਤੇ ਨਿਰਯਾਤ ਤੇ ਨਿਵੇਸ਼ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਮਕਸਦ ਨਾਲ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਫੋਕਲ ਪੁਆਇੰਟ ਸਥਿਤ ਸੀਆਈਸੀਯੂ ਕੰਪਲੈਕਸ ’ਚ ‘ਬਿਜ਼ਨਸ ਡਾਇਲਾਗ ਵਿਦ ਪੁਰਤਗਾਲ’ ਕਰਵਾਇਆ ਗਿਆ। ਪ੍ਰੋਗਰਾਮ ਪੁਰਤਗਾਲੀ ਟਰੇਡ ਐਂਡ ਇਨਵੈਸਟਮੈਂਟ ਏਜੰਸੀ (ਏਆਈਸੀਈਪੀ) ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਉਦਯੋਗਪਤੀਆਂ ਅਤੇ ਵਪਾਰਕ ਨੁਮਾਇੰਦਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਉਦਯੋਗਪਤੀਆਂ ਨੇ ਪੁਰਤਗਾਲ ਦੇ ਬਾਜ਼ਾਰ, ਵਪਾਰਕ ਮਾਹੌਲ, ਨਿਵੇਸ਼ ਦੀਆਂ ਸੰਭਾਵਨਾਵਾਂ ਅਤੇ ਭਾਰਤੀ ਕੰਪਨੀਆਂ ਲਈ ਉਪਲਬਧ ਕਾਰੋਬਾਰੀ ਮੌਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸੈਸ਼ਨ ਨੂੰ ਭਾਰਤ ਵਿੱਚ ਪੁਰਤਗਾਲ ਦੂਤਾਵਾਸ ਦੇ ਆਰਥਿਕ ਤੇ ਵਪਾਰਕ ਕੌਂਸਲਰ ਮਿਗੁਏਲ ਸੀ.ਐੱਮ. ਕ੍ਰੇਸਪੋ, ਸੀਐੱਫਏ ਅਤੇ ਪੁਰਤਗਾਲੀ ਟਰੇਡ ਐਂਡ ਇਨਵੈਸਟਮੈਂਟ ਏਜੰਸੀ (ਏਆਈਸੀਈਪੀ) ਨਵੀਂ ਦਿੱਲੀ ਦੀ ਸੀਨੀਅਰ ਟਰੇਡ ਐਂਡ ਇਨਵੈਸਟਮੈਂਟ ਅਫ਼ਸਰ ਦੀਕਸ਼ਾ ਚਾਵਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੁਰਤਗਾਲ ਦੇ ਕਾਰੋਬਾਰੀ ਵਾਤਾਵਰਨ, ਵਪਾਰਕ ਮੌਕਿਆਂ ਅਤੇ ਨਿਵੇਸ਼ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤੀ ਅਤੇ ਪੁਰਤਗਾਲੀ ਉਦਯੋਗਾਂ ਵਿਚਕਾਰ ਵਪਾਰਕ ਸਹਿਯੋਗ, ਨਿਵੇਸ਼ ਅਤੇ ਸਾਂਝੇਦਾਰੀ ਲਈ ਵੱਖ-ਵੱਖ ਖੇਤਰਾਂ ਵਿੱਚ ਸੰਭਾਵਨਾਵਾਂ ਮੌਜੂਦ ਹਨ। ਇਸ ਦੌਰਾਨ ਪੰਜਾਬ ਦੀਆਂ ਐੱਮਐੱਸਐੱਮਈ ਇਕਾਈਆਂ ਵੱਲੋਂ ਨਵੇਂ ਕੌਮਾਂਤਰੀ ਬਾਜ਼ਾਰਾਂ ਵਿੱਚ ਦਾਖ਼ਲ ਹੋਣ, ਵਪਾਰਕ ਭਾਈਵਾਲੀਆਂ ਸਥਾਪਤ ਕਰਨ ਅਤੇ ਨਿਰਯਾਤ ਦਾ ਦਾਇਰਾ ਵਧਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।ਸੈਸ਼ਨ ਦਾ ਸੰਚਾਲਨ ਸੀਆਈਸੀਯੂ ਦੇ ਜੁਆਇੰਟ ਸਕੱਤਰ ਡਾ. ਐੱਸਬੀ ਸਿੰਘ ਨੇ ਕੀਤਾ। ਉਨ੍ਹਾਂ ਨੇ ਪੁਰਤਗਾਲ ਤੋਂ ਆਏ ਨੁਮਾਇੰਦਿਆਂ ਅਤੇ ਸੀਆਈਸੀਯੂ ਮੈਂਬਰਾਂ ਵਿਚਕਾਰ ਸਿੱਧੀ ਗੱਲਬਾਤ ਕਰਵਾਈ ਅਤੇ ਉਦਯੋਗਪਤੀਆਂ ਵੱਲੋਂ ਪੁੱਛੇ ਗਏ ਸਵਾਲਾਂ ਨੂੰ ਵਿਚਾਰ-ਚਰਚਾ ਵਿੱਚ ਸ਼ਾਮਲ ਕੀਤਾ। ਸੀਨੀਅਰ ਵਾਈਸ ਪ੍ਰਧਾਨ ਜੇਐੱਸ ਭੋਗਲ ਨੇ ਪੰਜਾਬ ਦੇ ਉਦਯੋਗਿਕ ਖੇਤਰ ਦੀ ਸਮਰੱਥਾ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਉਨ੍ਹਾਂ ਪੰਜਾਬ ਦੀ ਮੈਨੂਫੈਕਚਰਿੰਗ ਸਮਰੱਥਾ, ਐੱਮਐੱਸਐੱਮਈ ਖੇਤਰ ਅਤੇ ਕੌਮਾਂਤਰੀ ਵਪਾਰ ਨਾਲ ਜੁੜਨ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਭੋਗਲ ਨੇ ਕਿਹਾ ਕਿ ਪੰਜਾਬ ਕੋਲ ਮਜ਼ਬੂਤ ਮੈਨੂਫੈਕਚਰਿੰਗ ਬੇਸ ਅਤੇ ਸਮਰੱਥ ਐੱਮਐੱਸਐੱਮਈ ਇਕਾਈਆਂ ਦਾ ਵੱਡਾ ਨੈੱਟਵਰਕ ਹੈ। ਉਨ੍ਹਾਂ ਕਿਹਾ ਕਿ ਸੀਆਈਸੀਯੂ ਦਾ ਉਦੇਸ਼ ਇਸ ਉਦਯੋਗਿਕ ਸਮਰੱਥਾ ਨੂੰ ਨਵੇਂ ਕੌਮਾਂਤਰੀ ਬਾਜ਼ਾਰਾਂ ਨਾਲ ਜੋੜਨਾ ਹੈ। ਉਨ੍ਹਾਂ ਅਨੁਸਾਰ ਪੁਰਤਗਾਲ ਭਾਰਤੀ ਕਾਰੋਬਾਰਾਂ ਲਈ ਵਪਾਰ, ਨਿਵੇਸ਼ ਅਤੇ ਰਣਨੀਤਕ ਕਾਰੋਬਾਰੀ ਭਾਈਵਾਲੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਇੱਕ ਮੰਚ ਬਣ ਸਕਦਾ ਹੈ। ਜਨਰਲ ਸਕੱਤਰ ਹਨੀ ਸੇਠੀ ਨੇ ਸਮਾਪਤੀ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਮੈਨੂਫੈਕਚਰਿੰਗ ਖੇਤਰ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਉਦਯੋਗਪਤੀਆਂ ਨੂੰ ਵਿਦੇਸ਼ੀ ਸੰਸਥਾਵਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਰਵਾਇਤੀ ਬਾਜ਼ਾਰਾਂ ਤੋਂ ਬਾਹਰ ਨਵੇਂ ਕਾਰੋਬਾਰੀ ਮੌਕਿਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਸੀਆਈਸੀਯੂ ਅਨੁਸਾਰ ਇਹ ਪ੍ਰੋਗਰਾਮ ਪੰਜਾਬ ਦੀਆਂ ਐੱਮਐੱਸਐੱਮਈ ਇਕਾਈਆਂ ਲਈ ਕੌਮਾਂਤਰੀ ਵਪਾਰਕ ਸੰਪਰਕ ਵਧਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਇਸ ਰਾਹੀਂ ਉਦਯੋਗਾਂ ਨੂੰ ਨਵੇਂ ਨਿਰਯਾਤ ਬਾਜ਼ਾਰਾਂ ਅਤੇ ਵਿਦੇਸ਼ੀ ਕਾਰੋਬਾਰੀ ਭਾਈਵਾਲੀਆਂ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ।