ਡੇਹਲੋਂ ਮੁੱਖ ਚੌਕ ਵਿਖੇ ਨਿਹੰਗ ਜਥੇਬੰਦੀਆਂ ਵੱਲੋਂ ਪੁਲਿਸ ਖ਼ਿਲਾਫ਼ ਰੋਸ ਧਰਨਾ 1 ਨੰਬਰ ਲਈ:ਡੇਹਲੋਂ ਮੁੱਖ ਚੌਕ ਵਿਖੇ ਨਿਹੰਗ ਜਥੇਬੰਦੀਆਂ ਵੱਲੋਂ ਪੁਲਿਸ ਖਿਲਾਫ ਰੋਸ ਧਰਨਾ
Publish Date: Wed, 23 Sep 2026 07:40 PM (IST)
Updated Date: Thu, 24 Sep 2026 04:01 AM (IST)
- ਫੜੇ ਗਏ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਮਾਮਲਾ ਭਖਿਆ ਫੋਟੋ ਨੰਬਰ-35 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ : ਕਸਬਾ ਡੇਹਲੋਂ ਦੇ ਮੁੱਖ ਚੌਕ ਵਿਖੇ ਅੱਜ ਦੁਪਹਿਰ ਜੱਥੇਦਾਰ ਬਾਬਾ ਮੇਜਰ ਸਿੰਘ ਦੀ ਫੌਜ ਨਿਹੰਗ ਜਥੇਬੰਦੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਕਰ ਕੇ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਥੇਦਾਰ ਬਾਬਾ ਕਰਨੈਲ ਸਿੰਘ ਦੀ ਅਗਵਾਈ ਹੇਠ ਲਗਾਏ ਰੋਸ ਧਰਨੇ ਦੌਰਾਨ ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਪਿੰਡ ਲਹਿਰਾ ਨੇੜੇ ਲੁੱਟ-ਖੋਹ ਅਤੇ ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਨਾਲ ਸਬੰਧਿਤ ਤਿੰਨ ਨੌਜਵਾਨਾਂ ਨੂੰ ਨਿਹੰਗ ਸਿੰਘਾਂ ਵਲੋਂ ਕਾਬੂ ਕਰਕੇ ਡੇਹਲੋਂ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਪਰ ਉਨ੍ਹਾਂ ਖ਼ਿਲਾਫ਼ ਪੁਲਿਸ ਵਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਜੱਥੇਦਾਰ ਬਾਬਾ ਕਰਨੈਲ ਸਿੰਘ ਨੇ ਦੱਸਿਆਂ ਕਿ ਬੀਤੇ ਕੱਲ ਪਿੰਡ ਲਹਿਰਾ ਵਿਖੇ ਤਿੰਨ ਨੌਜਵਾਨ ਇੱਕ ਕਾਲੇ ਰੰਗ ਦੀ ਵੱਡੀ ਕਾਰ ਵਿੱਚ ਆਏ, ਜਿਨ੍ਹਾਂ ਖ਼ਿਲਾਫ਼ ਸ਼ੱਕ ਪੈਣ ’ਤੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਨਿਹੰਗ ਸਿੰਘਾਂ ਦੀ ਮਦਦ ਨਾਲ ਉਕਤ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਦੱਸਣਯੋਗ ਹੈ ਕਿ ਕੱਲ ਦੇਰ ਸ਼ਾਮ ਪਿੰਡ ਵਾਸੀਆਂ ਅਤੇ ਨਿਹੰਗ ਸਿੰਘਾਂ ਵਲੋਂ ਕਾਬੂ ਕੀਤੇ ਤਿੰਨਾ ਨੌਜਵਾਨਾਂ ਨੂੰ ਕੁੱਟਿਆ ਵੀ ਗਿਆ। ਨਿਹੰਗ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਅਤੇ ਉਕਤ ਕਾਰ ਦੀ ਤਲਾਸ਼ੀ ਦੌਰਾਨ ਤਿੱਖੇ ਹਥਿਆਰ, ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਲਈ ਵਰਤਿਆ ਜਾਣ ਵਾਲਾ ਕੰਡਾ ਅਤੇ ਕੁਝ ਨਕਦੀ ਬਰਾਮਦ ਹੋਈ, ਜਿਸ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਕਰਨੈਲ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਵਿੱਚ ਢਿੱਲੀ ਕਾਰਵਾਈ ਕੀਤੇ ਜਾਣ ਵਜੋਂ ਰੋਸ ਪ੍ਰਗਟ ਕਰਨ ਲਈ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਕਾਬੂ ਕੀਤੇ ਨੌਜਵਾਨਾਂ ਦੀ ਪੂਰੀ ਜਾਂਚ ਕਰਕੇ, ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕੇ ਵਿੱਚ ਨਸ਼ਿਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਪੁਲਿਸ ਵਲੋਂ ਭਰੋਸਾ ਦੇਣ ਬਾਅਦ ਧਰਨਾ ਚੁੱਕਿਆ ਗਿਆ। ਇਸ ਸਮੇਂ ਸੁੱਖਾ ਸਿੰਘ, ਬਾਬਾ ਕਾਲਾ ਸਿੰਘ, ਬਾਬਾ ਫਤਿਹ ਸਿੰਘ, ਸਨੀ ਸਿੰਘ, ਗੁਰਨਾਮ ਸਿੰਘ ਸਮੇਤ ਹੋਰ ਹਾਜ਼ਰ ਸਨ। ਮਾਮਲੇ ਦੀ ਜਾਂਚ ਮਗਰੋਂ ਕੀਤੀ ਜਾਵੇਗੀ ਕਾਰਵਾਈ : ਥਾਣਾ ਮੁਖੀ ਇਸ ਸੰਬੰਧੀ ਥਾਣਾ ਡੇਹਲੋਂ ਮੁਖੀ ਇੰਸਪੈਕਟਰ ਵਿਜੈ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸਣ ਵਾਲੇ ਤਿੰਨ ਵਿਅਕਤੀਆਂ ਅਜੇ ਸ਼ਰਮਾ, ਗੁਰਕੀਰਤ ਸਿੰਘ ਤੇ ਅਕਾਸ਼ਦੀਪ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆਂ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ l ---