ਵਿਦਿਆਰਥੀਆਂ ਨੂੰ ਦੱਸੀ ਮਿਹਨਤ, ਲਗਨ ਤੇ ਅਨੁਸ਼ਾਸਨ ਦੀ ਮਹੱਤਤਾ ਵਿਦਿਆਰਥੀਆਂ ਨੂੰ ਦੱਸੀ ਸਖਤ ਮਿਹਨਤ, ਲਗਨ ’ਤੇ ਅਨੁਸ਼ਾਸਨ ਦੀ ਮਹੱਤਤਾ
Publish Date: Wed, 23 Sep 2026 07:27 PM (IST)
Updated Date: Thu, 24 Sep 2026 04:01 AM (IST)
- ਪੀਏਯੂ ਦੇ ਬੋਟਨੀ ਵਿਭਾਗ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਫੋਟੋ ਨੰਬਰ-16 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ. ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਬੋਟਨੀ ਵਿਭਾਗ ਨੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਕਾਨਫਰੰਸ ਹਾਲ ’ਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ ਦਾ ਪ੍ਰਬੰਧ ਕੀਤਾ। ਇਸ ਵਿੱਚ ਪੁਰਾਣੇ ਵਿਦਿਆਰਥੀਆਂ, ਵਿਭਾਗ ਦੇ ਅਧਿਆਪਕਾਂ ਅਤੇ ਕਾਲਜ ਦੇ ਉੱਚ ਅਧਿਕਾਰੀਆਂ ਸਮੇਤ ਭਰਵੇਂ ਇਕੱਠ ਨੇ ਸ਼ਿਰਕਤ ਕੀਤੀ। ਕਾਲਜ ਦੇ ਡੀਨ ਡਾ. ਕਮਲ ਵੱਤਾ ਇਸ ਮੌਕੇ ਮੁੱਖ ਮਹਿਮਾਨ ਸਨ। ਡਾ. ਵੱਤਾ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ, ਲਗਨ ਅਤੇ ਅਨੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਾਲਜ ਦੀਆਂ ਪਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਪੜ੍ਹਾਈ ਦੇ ਨਾਲ-ਨਾਲ ਸਹਿ ਗਤੀਵਿਧੀਆਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ, ਨਾਲ ਹੀ ਉਨਾਂ ਹਰ ਸੰਭਵ ਸਹਿਯੋਗ ਦਾ ਵਾਅਦਾ ਕਾਲਜ ਪ੍ਰਸ਼ਾਸਨ ਵੱਲੋਂ ਦਿਵਾਇਆ। ਇਸ ਮੌਕੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਵੀ ਮੌਜੂਦ ਸਨ। ਬੋਟਨੀ ਵਿਭਾਗ ਦੇ ਮੁਖੀ ਡਾ. ਨਮਰਤਾ ਗੁਪਤਾ ਨੇ ਸਵਾਗਤੀ ਸ਼ਬਦ ਬੋਲਦਿਆਂ ਬੀਤੇ ਸਾਲਾਂ ਵਿੱਚ ਵਿਭਾਗ ਦੀਆਂ ਪ੍ਰਾਪਤੀਆਂ ਸਾਂਝਾ ਕੀਤੀਆਂ, ਨਾਲ ਹੀ ਉਨਾਂ ਅਕਾਦਮਿਕ ਪੜਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਸ ਖੇਤਰ ਦੇ ਮੌਕਿਆਂ ਦੀ ਗੱਲ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ’ਚ ਭਾਗ ਲਿਆ।