ਬਾਜੜਾ ਕਲੋਨੀ ’ਚ ਗੰਦੇ ਪਾਣੀ ਦਾ ਕਹਿਰ, 5.17 ਲੱਖ ਖਰਚ ਕੇ ਵੀ ਨਹੀਂ ਮਿਲੀ ਰਾਹਤ 1 ਨੰਬਰ ਲਈ:ਬਾਜੜਾ ਕਲੋਨੀ ’ਚ ਗੰਦੇ ਪਾਣੀ ਦਾ ‘ਕਹਿਰ’, 5.17 ਲੱਖ ਖਰਚ ਕੇ ਵੀ ਨਹੀਂ ਮਿਲੀ ਰਾਹਤ
Publish Date: Wed, 23 Sep 2026 07:23 PM (IST)
Updated Date: Thu, 24 Sep 2026 04:01 AM (IST)
- 6.90 ਲੱਖ ਦੇ ਨਵੇਂ ਐਸਟੀਮੇਟ ’ਤੇ ਯੂਐੱਚਆਰਓ ਨੇ ਚੁੱਕੇ ਸਵਾਲ - ਮੰਗ ਪੱਤਰ ਦੇ ਕੇ ਡੀਸੀ ਤੋਂ ਜਾਂਚ ਤੇ ਤੁਰੰਤ ਕਾਰਵਾਈ ਦੀ ਮੰਗ ਫੋਟੋ ਨੰਬਰ-3 ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਬਾਜੜਾ ਕਾਲੋਨੀ ’ਚ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਯੂਨਾਈਟਿਡ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (ਯੂਐੱਚਆਰਓ) ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਸੀਵਰੇਜ ਦੀ ਨਿਕਾਸੀ ਠੀਕ ਨਾ ਹੋਣ ਕਾਰਨ ਗਲੀਆਂ ਅਤੇ ਘਰਾਂ ਦੇ ਆਲੇ-ਦੁਆਲੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸ ਨਾਲ ਇਲਾਕਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਅਨੁਸਾਰ 31 ਅਗਸਤ ਨੂੰ ਵੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਲੋਕਾਂ ਨੂੰ ਅਜੇ ਤੱਕ ਪੱਕੀ ਰਾਹਤ ਨਹੀਂ ਮਿਲੀ। ਯੂਐੱਚਆਰਓ ਨੇ ਦਾਅਵਾ ਕੀਤਾ ਕਿ ਪਹਿਲਾਂ ਸੁਪਰ ਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਸਫਾਈ ’ਤੇ ਕਰੀਬ 5.17 ਲੱਖ ਰੁਪਏ ਖਰਚ ਕੀਤੇ ਗਏ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਹੁਣ ਪਾਣੀ ਤੇ ਸੀਵਰੇਜ ਦੇ ਕੰਮਾਂ ਲਈ ਤਿਆਰ ਕੀਤੇ 6.90 ਲੱਖ ਰੁਪਏ ਦੇ ਐਸਟੀਮੇਟ ਦੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਨੇ ਮੈਨਹੋਲਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਦੀ ਸਫਾਈ ਤੇ ਮੁਰੰਮਤ ਤੁਰੰਤ ਕਰਵਾਉਣ ਅਤੇ ਐਸਟੀਮੇਟ ਅਨੁਸਾਰ ਕੰਮ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਦੀ ਮੰਗ ਕੀਤੀ।