ਝੋਨੇ ਦੀ ਆਮਦ ਸ਼ੁਰੂ, ਪਰ ਬਹਾਦਰ ਕੇ ਰੋਡ ਦਾਣਾ ਮੰਡੀ ’ਚ ਬੁਨਿਆਦੀ ਸਹੂਲਤਾਂ ਗਾਇਬ! 1 ਨੰਬਰ ਲਈ-ਝੋਨੇ ਦੀ ਆਮਦ ਸ਼ੁਰੂ, ਪਰ ਬਹਾਦਰ ਕੇ ਰੋਡ ਦਾਣਾ ਮੰਡੀ ਵਿੱਚ ਬੁਨਿਆਦੀ ਸਹੂਲਤਾਂ ਗਾਇਬ!
Publish Date: Wed, 23 Sep 2026 07:13 PM (IST)
Updated Date: Thu, 24 Sep 2026 04:00 AM (IST)
-ਮਾਰਕੀਟ ਕਮੇਟੀ ਦੇ ਤਿਆਰੀਆਂ ਦੇ ਦਾਅਵਿਆਂ ਵਿਚਕਾਰ ਬਾਥਰੂਮ ਤੇ ਪਾਣੀ ਦੀ ਸਹੂਲਤ ਨਜ਼ਰ ਨਹੀਂ ਆ ਰਹੀ ਫ਼ੋਟੋ ਨੰਬਰ-36,37 ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਬਹਾਦਰ ਕੇ ਰੋਡ ਸਥਿਤ ਦਾਣਾ ਮੰਡੀ ’ਚ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਨੂੰ ਮੰਡੀ ’ਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਪਰ ਫਸਲ ਦੀ ਆਮਦ ਸ਼ੁਰੂ ਹੋਣ ਦੇ ਬਾਵਜੂਦ ਮੰਡੀ ’ਚ ਕਿਸਾਨਾਂ ਤੇ ਮਜ਼ਦੂਰਾਂ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਨਜ਼ਰ ਆ ਰਹੀ ਹੈ। ਖਾਸ ਕਰ ਕੇ ਬਾਥਰੂਮ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਕਿਤੇ ਵੀ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਮੰਡੀ ਕਮੇਟੀ ਦੇ ਪ੍ਰਬੰਧਾਂ ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਕ ਪਾਸੇ ਪੰਜਾਬ ਮੰਡੀ ਬੋਰਡ ਵੱਲੋਂ ਝੋਨੇ ਦੇ ਸੀਜ਼ਨ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਮੰਡੀ ਵਿੱਚ ਪਾਣੀ, ਬਾਥਰੂਮ, ਬਿਜਲੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਹਾਦਰ ਕੇ ਰੋਡ ਦਾਣਾ ਮੰਡੀ ਵਿੱਚ ਜ਼ਮੀਨੀ ਹਕੀਕਤ ਕੁਝ ਹੋਰ ਹੀ ਤਸਵੀਰ ਪੇਸ਼ ਕਰਦੀ ਨਜ਼ਰ ਆ ਰਹੀ ਹੈ। ਮੰਡੀ ’ਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸਾਨ ਅਤੇ ਮਜ਼ਦੂਰ ਘੰਟਿਆਂ ਤੱਕ ਮੰਡੀ ਵਿੱਚ ਰਹਿਣਗੇ, ਤਾਂ ਉਨ੍ਹਾਂ ਲਈ ਮੁੱਢਲੀਆਂ ਸਹੂਲਤਾਂ ਕਿੱਥੇ ਹਨ? ਮੰਡੀ ਵਿੱਚ ਬਾਥਰੂਮ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਕਿਸੇ ਪਾਸੇ ਵੀ ਨਜ਼ਰ ਨਹੀਂ ਆਉਂਦੀ। ਇਸ ਦੇ ਬਾਵਜੂਦ ਮੰਡੀ ਕਮੇਟੀ ਵੱਲੋਂ ਝੋਨੇ ਦੇ ਸੀਜ਼ਨ ਲਈ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਚੁੱਪੀ ਕਿਉਂ ਧਾਰੀ ਹੋਈ ਹੈ, ਇਹ ਵੀ ਵੱਡਾ ਸਵਾਲ ਬਣਿਆ ਹੋਇਆ ਹੈ। ਉਧਰ ਮੰਡੀ ਦੇ ਸ਼ੈੱਡਾਂ ਹੇਠਾਂ ਸੀਮੈਂਟ ਅਤੇ ਕਪੜੇ ਦੀ ਲੋਡਿੰਗ-ਅਨਲੋਡਿੰਗ ਨਾਲ ਸਬੰਧਤ ਕੰਮ ਜਾਰੀ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਜਦੋਂ ਝੋਨੇ ਦੀ ਫਸਲ ਮੰਡੀ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਤਾਂ ਸਵਾਲ ਉੱਠਦਾ ਹੈ ਕਿ ਸ਼ੈੱਡਾਂ ਅਤੇ ਮੰਡੀ ਦੀ ਜਗ੍ਹਾ ਨੂੰ ਕਿਸ ਤਰਜੀਹ ਨਾਲ ਵਰਤਿਆ ਜਾ ਰਿਹਾ ਹੈ। ਦੂਜੇ ਪਾਸੇ ਸ਼ੈਡਾਂ ਹੇਠ ਖੜੇ ਵਾਹਨਾਂ ਨੂੰ ਆਖਰ ਕਿਓੰ ਨਹੀਂ ਹਟਾਇਆ ਜਾ ਰਿਹਾ। ਉੱਥੇ ਹੀ ਉਨ੍ਹਾਂ ਨੂੰ ਫਸਲ ਦੀ ਆਮਦ ਮਗਰੋਂ ਵਾਹਨਾਂ ਦੀ ਪਰਚੀ ਕੱਟਣੀ ਜਰੂਰੀ ਸਮਝੀ ਜਾ ਰਹੀ ਹੈ।