ਪੰਜਾਬ ’ਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ’ਤੇ ਚਿੰਤਾ ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ’ਤੇ ਚਿੰਤਾ
Publish Date: Wed, 23 Sep 2026 06:39 PM (IST)
Updated Date: Thu, 24 Sep 2026 04:00 AM (IST)
- ਸਪੈਸ਼ਲ ਡੀਜੀਪੀ ਪੀਕੇ ਸਿਨਹਾ ਨੂੰ ਮਿਲੇ ਮੁਹੰਮਦ ਗੁਲਾਬ - ਮਜ਼ਦੂਰਾਂ ਦੀ ਸੁਰੱਖਿਆ, ਗ਼ੈਰ-ਕਾਨੂੰਨੀ ਹਥਿਆਰਾਂ ਤੇ ਜਬਰੀ ਵਸੂਲੀ ਖ਼ਿਲਾਫ਼ ਕਾਰਵਾਈ ਦੀ ਮੰਗ ਫੋਟੋ ਨੰਬਰ-14 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਸਥਿਤੀ, ਜਬਰੀ ਵਸੂਲੀ, ਗੈਂਗਸਟਰ ਗਤੀਵਿਧੀਆਂ, ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੇ ਵੱਧ ਰਹੇ ਖ਼ਤਰੇ ’ਤੇ ਚਿੰਤਾ ਪ੍ਰਗਟ ਕਰਦਿਆਂ ਸਮਾਜ ਸੇਵੀ ਅਤੇ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਕੌਮੀ ਕੋ-ਆਰਡੀਨੇਟਰ ਮੁਹੰਮਦ ਗੁਲਾਬ ਨੇ ਸਪੈਸ਼ਲ ਡੀਜੀਪੀ. (ਲਾਅ ਐਂਡ ਆਰਡਰ) ਪੀਕੇ ਸਿਨਹਾ ਨੂੰ ਮੰਗ-ਪੱਤਰ ਸੌਂਪਿਆ। ਮੰਗ-ਪੱਤਰ ’ਚ ਖਾਸ ਤੌਰ ’ਤੇ ਲੁਧਿਆਣਾ, ਜਲੰਧਰ ਸਮੇਤ ਉਦਯੋਗਿਕ ਸ਼ਹਿਰਾਂ ’ਚ ਮਜ਼ਦੂਰਾਂ ਦੀ ਸੁਰੱਖਿਆ ਲਈ ਤਨਖਾਹ ਮਿਲਣ ਵਾਲੇ ਦਿਨਾਂ ਦੌਰਾਨ ਵਿਸ਼ੇਸ਼ ਪੁਲਿਸ ਗਸ਼ਤ ਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਗਰਾਨੀ ਵਧਾਉਣ ਦੀ ਮੰਗ ਕੀਤੀ ਗਈ। ਮੁਹੰਮਦ ਗੁਲਾਬ ਨੇ ਨਸ਼ਾ ਤਸਕਰਾਂ ਅਤੇ ਸੰਗਠਿਤ ਡਰੱਗ ਨੈੱਟਵਰਕ, ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਅਤੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਨਾਗਰਿਕਾਂ ਨੂੰ ਮਿਲਣ ਵਾਲੀਆਂ ਧਮਕੀ ਭਰੀਆਂ ਕਾਲਾਂ, ਜਬਰੀ ਵਸੂਲੀ ਅਤੇ ਫਿਰੌਤੀ ਦੇ ਮਾਮਲਿਆਂ ਦੀ ਤੁਰੰਤ ਜਾਂਚ, ਤਕਨੀਕੀ ਵਿਸ਼ਲੇਸ਼ਣ ਅਤੇ ਪੀੜਤਾਂ ਨੂੰ ਲੋੜ ਅਨੁਸਾਰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਮੰਗ-ਪੱਤਰ ਵਿੱਚ ਪੁਲਿਸ ਥਾਣਿਆਂ ਵਿੱਚ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ, ਸ਼ਿਕਾਇਤਕਰਤਾਵਾਂ ਨੂੰ ਪ੍ਰਗਤੀ ਬਾਰੇ ਜਾਣੂ ਕਰਵਾਉਣ ਅਤੇ ਲਾਪਰਵਾਹੀ ਦੀ ਸਥਿਤੀ ਵਿੱਚ ਜਵਾਬਦੇਹੀ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਮੁਹੰਮਦ ਗੁਲਾਬ ਨੇ ਉਦਯੋਗਿਕ ਖੇਤਰਾਂ ਤੇ ਮਜ਼ਦੂਰ ਕਾਲੋਨੀਆਂ ’ਚ ਬੀਟ ਪੁਲਿਸਿੰਗ, ਸੀਸੀਟੀਵੀ. ਨਿਗਰਾਨੀ ਅਤੇ ਕਮਿਊਨਿਟੀ ਪੁਲਿਸਿੰਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਧਮਕੀਆਂ ਅਤੇ ਸੰਗਠਿਤ ਅਪਰਾਧ ਲਈ ਪ੍ਰਭਾਵਸ਼ਾਲੀ ਹੈਲਪਲਾਈਨ ਅਤੇ ਤੁਰੰਤ ਜਵਾਬ ਪ੍ਰਣਾਲੀ ਸਥਾਪਤ ਕਰਨ ਦੀ ਮੰਗ ਵੀ ਕੀਤੀ।