- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਫ਼ਤ ਜਾਂਚ ਕੈਂਪ ਦਾ 500 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ

38
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਆਲਮਗੀਰ ਵਿਖੇ ਧਾਂਦਰਾ ਰੋਡ ’ਤੇ ਸਥਿਤ ਫਲਾਈਆਂ ਵਾਲਾ ਗੁਰਦੁਆਰਾ ਸਾਹਿਬ ਵਿਖੇ ਹੱਡੀਆਂ ਦੇ ਰੋਗਾਂ ਸਬੰਧੀ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਸਰਪੰਚ ਕਰਨਜੋਤ ਸਿੰਘ ‘ਜੋਤੀ’ ਗਰੇਵਾਲ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਐਨਆਰਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦੌਰਾਨ ਏਪੀਐਸ. ਆਹਲੂਵਾਲੀਆ ਗਰੁੱਪ ਦੇ ਮਾਹਿਰ ਡਾਕਟਰਾਂ ਵੱਲੋਂ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸੰਭਾਲ ਸਬੰਧੀ ਲੋੜੀਂਦੀ ਸਲਾਹ ਦਿੱਤੀ ਗਈ। ਕੈਂਪ ਵਿੱਚ 500 ਤੋਂ ਵੱਧ ਮਰੀਜ਼ਾਂ ਨੇ ਆਪਣੀ ਜਾਂਚ ਕਰਵਾ ਕੇ ਇਸ ਸਹੂਲਤ ਦਾ ਲਾਭ ਲਿਆ। ਕੈਂਪ ਸਬੰਧੀ ਸਰਪੰਚ ਕਰਨਜੋਤ ਸਿੰਘ ‘ਜੋਤੀ’ ਗਰੇਵਾਲ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਘਰ ਦੇ ਨੇੜੇ ਹੀ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਸਿਹਤ ਸਹੂਲਤਾਂ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਇਸੇ ਉਦੇਸ਼ ਤਹਿਤ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਕੈਂਪ ਨੂੰ ਪਿੰਡ ਵਾਸੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ। ਸਰਪੰਚ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਐਨਆਰਆਈ. ਵੀਰਾਂ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਪੰਚਾਇਤ ਹਰਜੀਤ ਸਿੰਘ, ਮੈਂਬਰ ਪੰਚਾਇਤ ਨਾਮਦੇਵ ਸਿੰਘ, ਮੈਂਬਰ ਪੰਚਾਇਤ ਰਾਮ ਆਸਰਾ ਸਿੰਘ , ਮੁਖਤਿਆਰ ਸਿੰਘ, ਕੁਲਵੰਤ ਸਿੰਘ,ਰਮਨਦੀਪ ਸਿੰਘ, ਬਲਜਿੰਦਰ ਸਿੰਘ, ਕਰਮਦੀਪ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ, ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।