- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਟ ਦਾ ਵਾਰ ਬਣਿਆ ਮੌਤ ਦਾ ਕਾਰਨ, ਚੰਡੀਗੜ੍ਹ 'ਚ ਇਲਾਜ ਦੌਰਾਨ 38 ਸਾਲਾ ਜਸਪ੍ਰੀਤ ਦੀ ਮੌਤ

-ਕਤਲ ਦੀ ਧਾਰਾ ਜੋੜਨ ਦੀ ਮੰਗ ਸਬੰਧੀ ਪਰਿਵਾਰ ਤੇ ਲੋਕਾਂ ਵੱਲੋਂ ਰੋਡ ਜਾਮ, ਪੁਲਿਸ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ
ਥਾਣਾ ਸਰਾਭਾ ਨਗਰ ਦੇ ਇਲਾਕੇ ਅਧੀਨ ਪੈਂਦੇ ਪਿੰਡ ਬੈਂਸ ਵਿੱਚ ਗੁਆਂਢੀਆਂ ਨਾਲ ਹੋਏ ਝਗੜੇ ਦੌਰਾਨ ਇੱਟ ਵੱਜਣ ਨਾਲ ਗੰਭੀਰ ਜ਼ਖ਼ਮੀ ਹੋਏ 38 ਸਾਲਾ ਜਸਪ੍ਰੀਤ ਸਿੰਘ ਦੀ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ-32 ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਸਪ੍ਰੀਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਐਤਵਾਰ ਸਵੇਰੇ ਮੁਲਜਮਾਂ ਖ਼ਿਲਾਫ਼ ਕਤਲ ਦੀ ਧਾਰਾ ਜੋੜਨ ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਰੋਡ 'ਤੇ ਜਾਮ ਲਾ ਦਿੱਤਾ। ਕਰੀਬ 30 ਮਿੰਟ ਤੱਕ ਲੱਗੇ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਦਾ 15 ਸਤੰਬਰ ਦੀ ਰਾਤ ਕਰੀਬ 8.30 ਵਜੇ ਗੁਆਂਢੀਆਂ ਨਾਲ ਵਿਵਾਦ ਹੋ ਗਿਆ ਸੀ। ਉਸ ਦੇ ਛੋਟੇ ਭਰਾ ਅਮਰੀਕ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਜਸਪ੍ਰੀਤ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਘਰ ਪਰਤਿਆ ਸੀ ਅਤੇ ਪਰਿਵਾਰਕ ਮੈਂਬਰਾਂ ਨਾਲ ਗਾਲੀ-ਗਲੋਚ ਕਰਨ ਲੱਗ ਪਿਆ। ਟਕਰਾਅ ਤੋਂ ਬਚਣ ਲਈ ਪਰਿਵਾਰ ਨੇ ਘਰ ਦਾ ਮੁੱਖ ਦਰਵਾਜ਼ਾ ਬੰਦ ਕਰ ਲਿਆ, ਜਦਕਿ ਜਸਪ੍ਰੀਤ ਬਾਹਰ ਸੜਕ 'ਤੇ ਖੜ੍ਹਾ ਹੋ ਕੇ ਰੌਲਾ ਪਾਉਂਦਾ ਰਿਹਾ।
ਸ਼ਿਕਾਇਤ ਮੁਤਾਬਕ ਗੁਆਂਢ ਵਿੱਚ ਰਹਿੰਦੇ ਗੁਰਦਿਆਲ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਨੂੰ ਲੱਗਾ ਕਿ ਜਸਪ੍ਰੀਤ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ। ਜਸਪ੍ਰੀਤ ਵੱਲੋਂ ਇਹ ਦੱਸਣ ਦੇ ਬਾਵਜੂਦ ਕਿ ਉਸ ਦਾ ਆਪਣੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ, ਦੋਵੇਂ ਉਸ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਦਾ ਪੁੱਤਰ ਪ੍ਰੇਮ ਸਿੰਘ ਵੀ ਮੌਕੇ 'ਤੇ ਆ ਗਿਆ। ਅਮਰੀਕ ਸਿੰਘ ਦੇ ਦੋਸ਼ ਮੁਤਾਬਕ ਝਗੜੇ ਦੌਰਾਨ ਮਨਜੀਤ ਕੌਰ ਨੇ ਇੱਟ ਚੁੱਕ ਕੇ ਜਸਪ੍ਰੀਤ ਦੇ ਸਿਰ 'ਤੇ ਵਾਰ ਕਰ ਦਿੱਤਾ। ਸਿਰ 'ਤੇ ਇੱਟ ਵੱਜਣ ਕਾਰਨ ਜਸਪ੍ਰੀਤ ਲਹੂ-ਲੁਹਾਨ ਹੋ ਕੇ ਬੇਹੋਸ਼ ਹੋ ਗਿਆ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਸ ਤੋਂ ਬਾਅਦ ਪ੍ਰੇਮ ਸਿੰਘ ਨੇ ਅਮਰੀਕ ਨੂੰ ਕਥਿਤ ਤੌਰ 'ਤੇ ਕਿਹਾ ਕਿ ਆਪਣੇ ਭਰਾ ਨੂੰ ਚੁੱਕ ਲੈ, ਹੁਣ ਇਹ ਨਹੀਂ ਉੱਠੇਗਾ। ਪਰਿਵਾਰ ਨੇ ਜਸਪ੍ਰੀਤ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਸਰਕਾਰੀ ਹਸਪਤਾਲ ਸੈਕਟਰ-32, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਕਈ ਦਿਨ ਇਲਾਜ ਚੱਲਣ ਤੋਂ ਬਾਅਦ ਜਸਪ੍ਰੀਤ ਨੇ ਦਮ ਤੋੜ ਦਿੱਤਾ। ਪਹਿਲਾਂ ਪੁਲਿਸ ਨੇ ਗੁਰਦਿਆਲ ਸਿੰਘ, ਮਨਜੀਤ ਕੌਰ ਅਤੇ ਪ੍ਰੇਮ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਜਸਪ੍ਰੀਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਐਤਵਾਰ ਸਵੇਰੇ ਫਿਰੋਜ਼ਪੁਰ ਰੋਡ 'ਤੇ ਇਕੱਠੇ ਹੋ ਕੇ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ ਤੇ ਕਤਲ ਦੀ ਧਾਰਾ ਜੋੜਨ ਦੀ ਮੰਗ ਕੀਤੀ। ਸੜਕ ਜਾਮ ਹੋਣ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨੂੰ ਨਿਰਪੱਖ ਜਾਂਚ, ਕਤਲ ਦੀ ਧਾਰਾ ਜੋੜਨ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਪੁਲਿਸ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਜਾਮ ਖੋਲ੍ਹ ਦਿੱਤਾ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਇੰਸਪੈਕਟਰ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਮਾਮਲੇ ਵਿੱਚ ਧਾਰਾ 103 ਬੀਐੱਨਐੱਸ ਜੋੜ ਦਿੱਤੀ ਗਈ ਹੈ ਅਤੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।