- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਦਾਅਵੇ ਫੋਕੇ, ਪਿੰਡ ਭੁੱਟਾ ਦਾ ਸੁਵਿਧਾ ਕੇਂਦਰ ਲੰਬੇ ਸਮੇਂ ਤੋਂ ਬੰਦ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇੱਕੋ ਛੱਤ ਹੇਠ 143 ਸਰਕਾਰੀ ਸਹੂਲਤਾਂ ਆਸਾਨੀ ਨਾਲ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਦਿਖਾਈ ਦੇ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਪਿੰਡ ਭੁੱਟਾ ਵਿਖੇ ਬਣਿਆ ਸੁਵਿਧਾ ਕੇਂਦਰ ਹੈ, ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਤਾਲੇ ਲਟਕਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਕਮੇਟੀ ਡੇਹਲੋ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ ਅਤੇ ਪਿੰਡ ਭੁੱਟਾ ਦੇ ਵਾਸੀ ਜਗਜੀਵਨ ਸਿੰਘ ਭੁੱਟਾ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਆਖਿਆ ਕਿ ਬਦਲਾਅ ਦੇ ਨਾਮ ’ਤੇ ਸੱਤਾ ਵਿੱਚ ਆਈ ਸਰਕਾਰ ਜੇਕਰ ਸੱਚਮੁੱਚ ਗਰੀਬ ਅਤੇ ਆਮ ਲੋਕਾਂ ਨੂੰ ਗਰਾਊਂਡ ਲੈਵਲ ਤੱਕ ਸਹੂਲਤਾਂ ਦੇਣਾ ਚਾਹੁੰਦੀ ਹੈ, ਤਾਂ ਪੰਜਾਬ ਵਿੱਚ ਬੰਦ ਪਏ ਸੁਵਿਧਾ ਕੇਂਦਰਾਂ ਨੂੰ ਚਾਲੂ ਕਿਉਂ ਨਹੀਂ ਕੀਤਾ ਜਾ ਰਿਹਾ?
-ਬਾਕਸ-
-ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਪਰੇਸ਼ਾਨ
ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਨੇ ਦੱਸਿਆ ਕਿ ਜੇਕਰ ਭੁੱਟਾ ਵਿਖੇ ਬਣੇ ਇਸ ਸੁਵਿਧਾ ਕੇਂਦਰ ਨੂੰ ਚਾਲੂ ਕਰ ਦਿੱਤਾ ਜਾਵੇ, ਤਾਂ ਇਸ ਨਾਲ ਪਿੰਡ ਭੁੱਟਾ ਤੋਂ ਇਲਾਵਾ ਨਾਲ ਲੱਗਦੇ ਦਰਜਨ ਦੇ ਕਰੀਬ ਪਿੰਡਾਂ ਜਿਵੇਂ ਕਿ ਸੰਕਰ , ਮੁਕੰਦਪੁਰ, ਗੁਰਮ, ਸੀਲੋਂ ਕਲਾਂ, ਸੀਲੋਂ ਖੁਰਦ, ਖਾਨਪੁਰ, ਜੱਸੜ, ਪੱਦੀ, ਪੱਦੀ ਕਲੋਨੀ ਅਤੇ ਭਗਵਾਨਪੁਰਾ ਦੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਮੌਕੇ ਬਲਾਕ ਪ੍ਰਧਾਨ ਸੀਲੋ ਅਤੇ ਜਗਜੀਵਨ ਸਿੰਘ ਭੁੱਟਾ ਨੇ ਦੱਸਿਆ ਕਿ ਭੁੱਟਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਤੋਂ ਕਸਬਾ ਡੇਹਲੋਂ ਜਾਣ ਲਈ ਕੋਈ ਸਿੱਧੀ ਬੱਸ ਸਰਵਿਸ ਜਾਂ ਆਉਣ-ਜਾਣ ਦਾ ਕੋਈ ਪੱਕਾ ਸਾਧਨ ਮੁਹੱਈਆ ਨਹੀਂ ਹੈ। ਇਸ ਕਾਰਨ ਸਭ ਤੋਂ ਵੱਧ ਮਾਰ ਬਜ਼ੁਰਗਾਂ ਅਤੇ ਔਰਤਾਂ 'ਤੇ ਪੈ ਰਹੀ ਹੈ। ਉਨ੍ਹਾਂ ਲਈ ਐਸਸੀ. ਸਰਟੀਫਿਕੇਟ, ਜਨਮ-ਮੌਤ ਸਰਟੀਫਿਕੇਟ ਬਣਵਾਉਣ ਜਾਂ ਉਨ੍ਹਾਂ ਵਿੱਚ ਕੋਈ ਵੀ ਤਰੁਟੀ (ਗਲਤੀ) ਸਹੀ ਕਰਵਾਉਣ ਲਈ ਡੇਹਲੋਂ ਆਉਣਾ-ਜਾਣਾ ਮੁਸ਼ਕਿਲ ਬਣ ਜਾਂਦੀ ਹੈ। ਇਸ ਮੌਕੇ ਬਲਾਕ ਪ੍ਰਧਾਨ ਨੋਨੀ ਸੀਲੋ ਅਤੇ ਜਗਜੀਵਨ ਸਿੰਘ ਭੁੱਟਾ ਨੇ ਤਿੱਖੇ ਸ਼ਬਦੀ ਬਾਣ ਚਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਾਰੇ ਵਿਕਾਸ ਕਾਰਜ ਸਿਰਫ਼ ਸਟੇਜਾਂ 'ਤੇ ਬੋਲਣ ਤੱਕ ਜਾਂ ਸੜਕਾਂ-ਬਾਜ਼ਾਰਾਂ ਵਿੱਚ ਲੱਗੇ ਵੱਡੇ-ਵੱਡੇ ਫਲੈਕਸ ਬੋਰਡਾਂ ਤੱਕ ਹੀ ਸੀਮਤ ਹਨ। ਜ਼ਮੀਨੀ ਪੱਧਰ 'ਤੇ ਲੋਕਾਂ ਦੀ ਸਹੂਲਤ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਿਤ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿੰਡ ਭੁੱਟਾ ਵਿਖੇ ਬੰਦ ਪਏ ਇਸ ਸੁਵਿਧਾ ਕੇਂਦਰ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਚਾਲੂ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਆਮ ਅਤੇ ਗਰੀਬ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ ਅਤੇ ਸਰਕਾਰੀ ਸਹੂਲਤਾਂ ਦਾ ਫ਼ਾਇਦਾ ਘਰਾਂ ਦੇ ਨੇੜੇ ਮਿਲ ਸਕੇ।
-ਬਾਕਸ
-ਡੇਹਲੋਂ ਵਿਖੇ ਲੱਗਦੀਆਂ ਹਨ ਲੰਬੀਆਂ ਲਾਈਨਾਂ, ਕਈ-ਕਈ ਦਿਨ ਹੁੰਦੀ ਹੈ ਖੱਜਲ-ਖੁਆਰੀ
ਲੋਕਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਡੇਹਲੋਂ ਦੇ ਸੁਵਿਧਾ ਕੇਂਦਰ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਇਸ ਲਈ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਵੇਰੇ 6 ਵਜੇ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਕਈ ਵਾਰ ਤਾਂ ਇੱਕ ਛੋਟਾ ਜਿਹਾ ਸਰਟੀਫਿਕੇਟ ਬਣਾਉਣ ਲਈ ਵੀ ਲੋਕਾਂ ਨੂੰ ਦੋ-ਦੋ, ਤਿੰਨ-ਤਿੰਨ ਦਿਨ ਤੱਕ ਚੱਕਰ ਕੱਟਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਹੁਤ ਬਰਬਾਦੀ ਹੁੰਦੀ ਹੈ। ਇਸ ਸਬੰਧੀ ਸ੍ਰੋਮਣੀ ਅਕਾਲੀ ਦਲ ਸਰਕਲ ਘਵੱਦੀ ਦੇ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੁਵਿਧਾ ਕੇਂਦਰ ਸਥਾਪਿਤ ਕੀਤੇ ਗਏ ਸਨ। ਇਨ੍ਹਾਂ ਕੇਂਦਰਾਂ ਰਾਹੀਂ ਲੋਕਾਂ ਨੂੰ ਐੱਸਸੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਫਾਰਮ, ਸ਼ਗਨ ਸਕੀਮ ਦੇ ਫਾਰਮ ਸਮੇਤ ਵੱਖ-ਵੱਖ ਸਰਕਾਰੀ ਸੇਵਾਵਾਂ ਇੱਕੋ ਥਾਂ ’ਤੇ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰਾਂ ਦਾ ਮੁੱਖ ਮਕਸਦ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰਾਂ ਤੋਂ ਨਿਜਾਤ ਦਿਵਾਉਣਾ ਅਤੇ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਲੁੜੀਂਦੀਆਂ ਸੇਵਾਵਾਂ ਉਪਲਬਧ ਕਰਵਾਉਣਾ ਸੀ ਪਰ ਬਾਅਦ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਸੁਵਿਧਾ ਕੇਂਦਰਾਂ ਨੂੰ ਬੰਦ ਕਰਨ ਕਾਰਨ ਆਮ ਲੋਕਾਂ ਨੂੰ ਮੁੜ ਸਰਕਾਰੀ ਸੇਵਾਵਾਂ ਹਾਸਲ ਕਰਨ ਲਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਜੀਤ ਸਿੰਘ ਲਹਿਰਾ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਵਿਧਾ ਕੇਂਦਰਾਂ ਦੀਆਂ ਸੇਵਾਵਾਂ ਮੁੜ ਬਹਾਲ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਲਈ ਦੂਰ-ਦੁਰਾਡੇ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ।