ਦਾਤ ਵਿਖਾ ਕੇ ਬਜ਼ੁਰਗ ਦਾ ਨਵਾਂ ਸਕੂਟਰ ਲੁੱਟਿਆ, ਵਾਰਦਾਤ ਸੀਸੀਟੀਵੀ ’ਚ ਕੈਦ ਦਾਤ ਨਾਲ ਹਮਲਾ ਕਰਕੇ ਬਜ਼ੁਰਗ ਦਾ ਨਵਾਂ ਸਕੂਟਰ ਲੁੱਟਿਆ, ਵਾਰਦਾਤ ਸੀਸੀਟੀਵੀ ’ਚ ਕੈਦ
Publish Date: Sun, 20 Sep 2026 07:24 PM (IST)
Updated Date: Mon, 21 Sep 2026 04:09 AM (IST)
-ਬਾਈਕ ਸਵਾਰ 3 ਲੁਟੇਰਿਆਂ ਨੇ ਲੱਤ ਮਾਰ ਕੇ ਬਜ਼ੁਰਗ ਨੂੰ ਸੁੱਟਿਆ, ਫਿਰ ਕੀਤੀ ਵਾਰਦਾਤ 25 ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ ਮਾਡਲ ਟਾਊਨ ਦੇ ਭੀੜ-ਭਾੜ ਵਾਲੇ ਇਲਾਕੇ ਲਾਲ ਕੋਠੀ ਨੇੜੇ ਰਾਤ ਵੇਲੇ ਬੇਖੌਫ਼ ਬਦਮਾਸ਼ਾਂ ਨੇ 70 ਸਾਲਾ ਬਜ਼ੁਰਗ ’ਤੇ ਹਮਲਾ ਕਰਕੇ ਉਸਦਾ ਸਕੂਟਰ ਲੁੱਟ ਲਿਆ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਪਹਿਲਾਂ ਬਜ਼ੁਰਗ ਨੂੰ ਲੱਤ ਮਾਰ ਕੇ ਸੜਕ ’ਤੇ ਸੁੱਟਿਆ ਅਤੇ ਫਿਰ ਇੱਕ ਬਦਮਾਸ਼ ਨੇ ਹੇਠਾਂ ਉਤਰ ਕੇ ਪੁੱਠੇ ਦਾਤ ਨਾਲ ਉਸ ’ਤੇ ਹਮਲਾ ਕਰ ਦਿੱਤਾ। ਬਜ਼ੁਰਗ ਨਾਲ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਉਸਦਾ ਸਕੂਟਰ ਲੈ ਕੇ ਫਰਾਰ ਹੋ ਗਏ। ਸਾਰੀ ਵਾਰਦਾਤ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। -ਪੁੱਤਰ ਦੀ ਦੁਕਾਨ ਤੋਂ ਦੋਸਤ ਨੂੰ ਮਿਲਣ ਜਾ ਰਿਹਾ ਸੀ ਬਜ਼ੁਰਗ ਹਰਨਾਮ ਨਗਰ ਵਾਸੀ ਦੇਵਰਾਜ ਹੰਸ ਨੇ ਦੱਸਿਆ ਕਿ ਉਸਦੇ ਬੇਟੇ ਦੀ ਮਾਡਲ ਟਾਊਨ ਇਲਾਕੇ ਵਿੱਚ ਪੰਜਾਬੀ ਜੁੱਤੀਆਂ ਦੀ ਦੁਕਾਨ ਹੈ। ਰਾਤ ਕਰੀਬ 9:30 ਵਜੇ ਉਹ ਆਪਣੇ ਬੇਟੇ ਦੀ ਦੁਕਾਨ ਤੋਂ ਹੋ ਕੇ ਕਿਸੇ ਦੋਸਤ ਨੂੰ ਮਿਲਣ ਲਈ ਉਸਦੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਲਾਲ ਕੋਠੀ ਨੇੜੇ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ। ਬਦਮਾਸ਼ਾਂ ਨੇ ਆਉਂਦੇ ਹੀ ਉਸਦੇ ਸਕੂਟਰ ਨੂੰ ਜ਼ੋਰਦਾਰ ਲੱਤ ਮਾਰੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਪੁੱਠੇ ਦਾਤ ਨਾਲ ਉਸ ’ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਦਾ ਸਕੂਟਰ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਅੱਠ ਮਹੀਨੇ ਪਹਿਲਾਂ ਹੀ ਖਰੀਦਿਆ ਸੀ ਸਕੂਟਰ ਦੇਵਰਾਜ ਨੇ ਦੱਸਿਆ ਕਿ ਲੁੱਟਿਆ ਗਿਆ ਸਕੂਟਰ ਉਸਨੇ ਕਰੀਬ ਅੱਠ ਮਹੀਨੇ ਪਹਿਲਾਂ ਹੀ ਖਰੀਦਿਆ ਸੀ। ਵਾਰਦਾਤ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਬਣੀ ਪੁਲਿਸ ਲਈ ਅਹਿਮ ਕੜੀ ਵਾਰਦਾਤ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਫੁਟੇਜ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਬਜ਼ੁਰਗ ਦੇ ਨੇੜੇ ਆਉਂਦੇ ਅਤੇ ਹਮਲਾ ਕਰਨ ਤੋਂ ਬਾਅਦ ਸਕੂਟਰ ਲੈ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਥਾਣਾ ਮਾਡਲ ਟਾਊਨ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਤਸਵੀਰਾਂ ਅਨੁਸਾਰ ਪਹਿਲੋਂ ਬਦਮਾਸ਼ ਦੇਵਰਾਜ ਦਾ ਪਿੱਛਾ ਕਰਦੇ ਹਨ ਅਤੇ ਜਿੱਥੇ ਕੁਝ ਹਨੇਰਾ ਆਉਂਦਾ ਹੈ, ਉੱਥੇ ਪਹੁੰਚ ਕੇ ਮੁਲਜਮ ਦੇਵਰਾਜ ਤੇ ਹਮਲਾ ਕਰਕੇ ਉਸਦਾ ਨਵਾਂ ਨਕੋਰ ਸਕੂਟਰ ਲੁੱਟ ਲੈਂਦੇ ਹਨ।