ਪਰਿਵਾਰਾਂ ਨੂੰ ਮਕਾਨ ਦੇਣ ਦੀ ਬਜਾਏ ਢਾਹੁਣ ਲੱਗੀ ਸਰਕਾਰ : ਬਾਵਾ 1 ਨੰਬਰ ਲਈ:ਪਰਿਵਾਰਾਂ ਨੂੰ ਮਕਾਨ ਦੇਣ ਦੀ ਬਜਾਏ ਮਕਾਨ ਢਾਹੁਣ ਲੱਗੀ ‘ਆਪ’ ਸਰਕਾਰ-ਬਾਵਾ
Publish Date: Sun, 20 Sep 2026 07:11 PM (IST)
Updated Date: Mon, 21 Sep 2026 04:06 AM (IST)
-ਨਿਗਮ ਦੀ ਕਾਰਵਾਈ ਤੋਂ ਪ੍ਰਭਾਵਿਤ ਕਿਰਤੀ ਔਰਤ ਨਾਲ ਮੁਲਾਕਾਤ, ਜਾਂਚ ਲਈ ਡੀਸੀ ਨੂੰ ਮੰਗ ਪੱਤਰ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਨਗਰ ਨਿਗਮ ਲੁਧਿਆਣਾ ਵੱਲੋਂ ਹਲਕਾ ਲੁਧਿਆਣਾ ਦੱਖਣੀ ਵਿੱਚ ਇੱਕ ਕਿਰਤੀ ਔਰਤ ਦਾ ਬਣ ਰਿਹਾ ਮਕਾਨ ਢਾਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰਵਾਈ ਦੀ ਜਾਣਕਾਰੀ ਮਿਲਣ ’ਤੇ ਸੀਨੀਅਰ ਕਾਂਗਰਸੀ ਆਗੂ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਕ੍ਰਿਸ਼ਨ ਕੁਮਾਰ ਬਾਵਾ ਮੌਕੇ ’ਤੇ ਪਹੁੰਚੇ ਅਤੇ ਪ੍ਰਭਾਵਿਤ ਪਰਿਵਾਰ ਨਾਲ ਮੁਲਾਕਾਤ ਕੀਤੀ। ਬਾਵਾ ਨੇ ਦੱਸਿਆ ਕਿ ਪ੍ਰਭਾਵਿਤ ਔਰਤ ਗੁੱਡੀ ਚਾਹ ਦੇ ਕੱਪ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ। ਉਸ ਅਨੁਸਾਰ ਉਸ ਨੇ ਆਪਣੇ ਪਰਿਵਾਰ ਲਈ ਮਕਾਨ ਬਣਾਉਣ ਵਾਸਤੇ ਪਲਾਟ ਖਰੀਦਿਆ ਸੀ, ਪਰ ਪਲਾਟ ਵੇਚਣ ਵਾਲੇ ਵੱਲੋਂ ਰਜਿਸਟਰੀ ਨਾ ਕਰਵਾਏ ਜਾਣ ਕਾਰਨ ਉਸ ਨਾਲ ਕਥਿਤ ਤੌਰ ’ਤੇ ਧੋਖਾਧੜੀ ਹੋਈ। ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਪੈਸੇ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸਬੰਧਤ ਇੱਕ ਆਗੂ ਨੇ ਕਥਿਤ ਤੌਰ ’ਤੇ ਲੈਂਟਰ ਪਵਾਉਣ ਲਈ ਉਸ ਤੋਂ ਇਕ ਲੱਖ ਰੁਪਏ ਲਏ। ਬਾਵਾ ਮੁਤਾਬਕ ਪ੍ਰਭਾਵਿਤ ਔਰਤ ਨੇ ਕਿਹਾ ਕਿ ਮਾਮਲੇ ਸਬੰਧੀ ਉਹ ਵਾਰ-ਵਾਰ ਥਾਣੇ ਦੇ ਚੱਕਰ ਲਗਾਉਂਦੀ ਰਹੀ, ਪਰ ਉਸ ਦੀ ਸ਼ਿਕਾਇਤ ’ਤੇ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਇਸ ਦੌਰਾਨ ਨਗਰ ਨਿਗਮ ਵੱਲੋਂ ਵੀ ਮਾਮਲੇ ਦੇ ਪੂਰੇ ਤੱਥਾਂ ਦੀ ਜਾਂਚ ਕੀਤੇ ਬਿਨਾਂ ਉਸ ਦਾ ਬਣ ਰਿਹਾ ਮਕਾਨ ਢਾਹ ਦਿੱਤਾ ਗਿਆ। ਬਾਵਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਇੱਕ ਕਿਰਤੀ ਪਰਿਵਾਰ ਦਾ ਬਣ ਰਿਹਾ ਮਕਾਨ ਢਾਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਪ੍ਰਭਾਵਿਤ ਔਰਤ ਵੱਲੋਂ ਲਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਪੱਧਰ ’ਤੇ ਧੋਖਾਧੜੀ ਜਾਂ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਬਾਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਰਤੀ ਔਰਤ ਨੂੰ ਕਾਨੂੰਨ ਅਨੁਸਾਰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਪ੍ਰਭਾਵਿਤ ਪਰਿਵਾਰ ਦੀ ਸਥਿਤੀ ਅਤੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ।