- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਾਸ਼ਵਾਣੀ ਲੁਧਿਆਣਾ ਦੇ ਵਿਹੜੇ ’ਚ ਮਨਾਇਆ ਹਿੰਦੀ ਦਿਵਸ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਆਲ ਇੰਡੀਆ ਰੇਡੀਓ ਦੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਵੱਲੋਂ ਹਿੰਦੀ ਦਿਵਸ ਦੇ ਸਬੰਧ ਵਿੱਚ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਡਾ. ਨੀਰੋਤਮਾ ਮੋਦਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਆਕਾਸ਼ਵਾਣੀ ਦੇ ਆਰਜੇ. ਤੇ ਸਟਾਫ਼ ਮੈਂਬਰਾਂ ਨੇ ਹਿੰਦੀ ਭਾਸ਼ਾ ਪ੍ਰਤੀ ਆਪਣੀ ਰੁਚੀ ਅਤੇ ਸਿਰਜਣਾਤਮਕਤਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੀ ਸ਼ੁਰੂਆਤ ਲੇਖ ਪ੍ਰਤੀਯੋਗਤਾ ਨਾਲ ਹੋਈ। ਇਸ ਤੋਂ ਬਾਅਦ ਕਰਵਾਏ ਗਏ ਕਵਿਤਾ ਉਚਾਰਨ ਮੁਕਾਬਲੇ ਵਿੱਚ ਆਰਜੇ. ਕੁਲਦੀਪ ਸਿੰਘ ਨੇ ਪਹਿਲਾ ਅਤੇ ਆਰਜੇ. ਰਿਣੀ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲਘੂ ਭਾਸ਼ਣ ਮੁਕਾਬਲੇ ਵਿੱਚ ਆਰਜੇ. ਗੁਰਵਿੰਦਰ ਸਿੰਘ ਪਹਿਲੇ ਅਤੇ ਬੀਏ. ਨੀਰੂ ਠਾਕੁਰ ਦੂਜੇ ਸਥਾਨ ’ਤੇ ਰਹੇ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰ ਪੇਸ਼ ਕਰਕੇ ਹਿੰਦੀ ਭਾਸ਼ਾ ਪ੍ਰਤੀ ਆਪਣੀ ਰੁਚੀ, ਗਿਆਨ ਅਤੇ ਸਿਰਜਣਾਤਮਕਤਾ ਦਾ ਪ੍ਰਗਟਾਵਾ ਕੀਤਾ। ਮੁੱਖ ਮਹਿਮਾਨ ਡਾ. ਨੀਰੋਤਮਾ ਮੋਦਗਿੱਲ ਨੇ ਕਿਹਾ ਕਿ ਹਰ ਵਿਅਕਤੀ ਦੇ ਮਨ ਵਿੱਚ ਵਿਚਾਰਾਂ ਅਤੇ ਭਾਵਨਾਵਾਂ ਦਾ ਇੱਕ ਸੰਸਾਰ ਵੱਸਦਾ ਹੈ, ਜਿਸ ਨੂੰ ਕਵਿਤਾ ਜਾਂ ਲਿਖਤ ਦੇ ਰੂਪ ਵਿੱਚ ਪ੍ਰਗਟ ਕੀਤਾ ਜਾ ਸਕਦਾ ਹੈ। ਲਿਖਣ ਦੀ ਆਦਤ ਨਾ ਸਿਰਫ਼ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੈ, ਸਗੋਂ ਇਹ ਰਚਨਾਤਮਕ ਸੋਚ ਨੂੰ ਵੀ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਤਰੱਕੀ ਲਈ ਉਸ ਦੀ ਵਰਤੋਂ ਨੂੰ ਰੋਜ਼ਾਨਾ ਜੀਵਨ ਵਿੱਚ ਵਧਾਉਣਾ ਜ਼ਰੂਰੀ ਹੈ। ਇਸ ਮੌਕੇ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਨੇ ਹਿੰਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਭਾਸ਼ਾ ਪ੍ਰਤੀ ਪਿਆਰ ਅਤੇ ਸਾਹਿਤਕ ਰੁਚੀ ਨੂੰ ਉਤਸ਼ਾਹਿਤ ਕਰਨਾ ਹੈ।
ਸਮਾਗਮ ਵਿੱਚ ਆਰਜੇ. ਰਿਣੀ ਸ਼ਰਮਾ, ਆਰਜੇ. ਕੁਲਦੀਪ ਸਿੰਘ, ਆਰਜੇ. ਗੁਰਵਿੰਦਰ ਸਿੰਘ, ਆਰਜੇ. ਸੰਦੀਪ ਕੌਰ, ਆਰਜੇ. ਜੈ ਦੀਪ ਸਿੰਘ, ਆਰਜੇ. ਮਨਪ੍ਰੀਤ ਕੌਰ, ਆਰਜੇ ਆਕਸ਼ਦੀਪ ਦਿਵੇਦੀ, ਆਰਜੇ. ਵਿਨਾਇਕ ਸ਼ਰਮਾ, ਆਰਜੇ ਸਿਮਰਨਪ੍ਰੀਤ ਕੌਰ, ਆਰਜੇ ਮਨਿੰਦਰ ਕੌਰ, ਸਰਬਜੀਤ ਸਿੰਘ, ਬੀਏ. ਸਿਮਰਨ ਕੌਰ, ਬੀਏ. ਪਰਮਜੀਤ ਸਿੰਘ ਅਰਮਾਨ, ਬੀਏ. ਨੀਰੂ ਠਾਕੁਰ, ਬੀਏ. ਰੀਨਾ ਢਿੱਲੋਂ, ਬੀਏ. ਰਾਘਵ ਅਰੋੜਾ, ਅਰਜੁਨ ਸਿੰਘ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।