ਡਾ. ਨਵਤੇਜ ਸਿੰਘ ਵੱਲੋਂ ਕਾਲਜ ਨੂੰ ਪੁਸਤਕਾਂ ਭੇਟ ਡਾ. ਨਵਤੇਜ ਸਿੰਘ ਹਲਵਾਰਵੀ ਰਾਹੀਂ ਕਾਲਜ ਨੂੰ ਭੇਟ ਕੀਤੀਆਂ ਪੁਸਤਕਾਂ
Publish Date: Sun, 20 Sep 2026 06:47 PM (IST)
Updated Date: Mon, 21 Sep 2026 04:06 AM (IST)
ਟੋ ਨੰਬਰ-7 ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਪ੍ਰਸਿੱਧ ਪੰਜਾਬੀ ਕਵੀ, ਚਿੰਤਕ ਅਤੇ ਆਲੋਚਕ ਸਵਰਗੀ ਹਰਭਜਨ ਸਿੰਘ ਹਲਵਾਰਵੀ ਜੋ ਐਸਸੀਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਵਿਦਿਆਰਥੀ ਰਹੇ, ਦੀ ਸਾਹਿਤਕ ਵਿਰਾਸਤ ਉਨ੍ਹਾਂ ਦੇ ਮਾਤਰੀ ਵਿਦਿਅਕ ਅਦਾਰੇ ਵਿੱਚ ਪਹੁੰਚੀ। ਉਨ੍ਹਾਂ ਦੀਆਂ ਦੋ ਮਹੱਤਵਪੂਰਨ ਪੁਸਤਕਾਂ ‘ਨਿੱਜੀ ਖ਼ਤ’ ਅਤੇ ‘ਬੌਧਿਕਤਾ ਦੇ ਪਸਾਰ’ ਕਾਲਜ ਦੇ ਪੁਰਾਤਨ ਵਿਦਿਆਰਥੀਆਂ ਦੁਆਰਾ ਲਿਖੀਆਂ ਪੁਸਤਕਾਂ ਕਾਲਜ ਨੂੰ ਭੇਟ ਕੀਤੀਆਂ ਗਈਆਂ। ਇਹ ਪੁਸਤਕਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਛੋਟੇ ਭਰਾ ਅਤੇ ਕਾਲਜ ਦੇ ਪੁਰਾਤਨ ਵਿਦਿਆਰਥੀ ਡਾ. ਨਵਤੇਜ ਸਿੰਘ ਹਲਵਾਰਵੀ, ਪ੍ਰਸਿੱਧ ਇਤਿਹਾਸਕਾਰ ਰਾਹੀਂ ਭੇਟ ਕੀਤੀਆਂ ਗਈਆਂ। ਇਸ ਉਪਰਾਲੇ ਵਿੱਚ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੀ ਵਿਸ਼ੇਸ਼ ਭੂਮਿਕਾ ਰਹੀ। ਇਸ ਮੌਕੇ ਐਲੂਮਨੀ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਨਵਦੀਪ ਸਿੰਘ, ਸਾਬਕਾ ਡਾਇਰੈਕਟਰ, ਐੱਫਐੱਮ. ਗੋਲਡ, ਆਕਾਸ਼ਵਾਣੀ; ਪ੍ਰੋ. ਪੀਡੀ. ਗੁਪਤਾ; ਸਾਬਕਾ ਡੀਜੀਐੱਮ.ਕੇਬੀ. ਸਿੰਘ; ਪ੍ਰੋ. ਗੀਤਾਂਜਲੀ ਪਾਬਰੇਜਾ; ਪ੍ਰੋ. ਨਿਧੀ ਸ਼ਰਮਾ; ਪ੍ਰੋ. ਇਰਾ; ਪ੍ਰੋ. ਮੁਕੇਸ਼ ਕੁਮਾਰ; ਅਸ਼ੋਕ ਧੀਰ; ਦਲਬੀਰ ਸਿੰਘ ਮੌਲੀ; ਪ੍ਰੋ. ਰਸ਼ਮੀ; ਡਾ. ਪੂਨਮ ਸਪਰਾ ਅਤੇ ਪ੍ਰੋ. ਲਖਵਿੰਦਰ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਸ਼ਰਨਜੀਤ ਸਿੰਘ ਸੰਧੂ ਨੇ ਇਨ੍ਹਾਂ ਪੁਸਤਕਾਂ ਨੂੰ ਕਾਲਜ ਦੀ ਮਾਣਮੱਤੀ ਧਰੋਹਰ ਦੱਸਦਿਆਂ ਹਲਵਾਰਵੀ ਪਰਿਵਾਰ ਅਤੇ ਐਲੂਮਨੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸੰਸਥਾ ਦੀ ਬੌਧਿਕ ਵਿਰਾਸਤ ਨੂੰ ਹੋਰ ਸਮਰੱਥ ਬਣਾਉਂਦੇ ਹਨ ਅਤੇ ਮੌਜੂਦਾ ਵਿਦਿਆਰਥੀਆਂ ਨੂੰ ਆਪਣੇ ਮਾਣਮੱਤੇ ਪੁਰਾਤਨ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨਾਲ ਜੋੜਦੇ ਹਨ। ਐਲੂਮਨੀ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਬ੍ਰਿਜ ਭੂਸ਼ਣ ਗੋਇਲ ਨੇ ਕਿਹਾ ਕਿ ‘ਨਿੱਜੀ ਖ਼ਤ’ ਆਪਣੇ ਸਮੇਂ ਦੇ ਬੌਧਿਕ, ਨਿੱਜੀ ਅਤੇ ਸਮਾਜਿਕ ਜੀਵਨ ਦੀ ਇੱਕ ਦੁਰਲੱਭ ਝਲਕ ਪੇਸ਼ ਕਰਦੀ ਹੈ। ਉਨ੍ਹਾਂ ਡਾ. ਨਵਤੇਜ ਸਿੰਘ ਹਲਵਾਰਵੀ ਵੱਲੋਂ ਇਸ ਕੀਮਤੀ ਸਾਹਿਤਕ ਸਮੱਗਰੀ ਨੂੰ ਸੰਭਾਲਣ ਅਤੇ ਸੰਪਾਦਿਤ ਕਰਕੇ ਪੁਸਤਕ ਰੂਪ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਸ ਨੂੰ ਪੰਜਾਬ ਦੀ ਸਾਹਿਤਕ ਤੇ ਬੌਧਿਕ ਵਿਰਾਸਤ ਦੀ ਸੰਭਾਲ ਵਿੱਚ ਮਹੱਤਵਪੂਰਨ ਯੋਗਦਾਨ ਦੱਸਿਆ। ‘ਬੌਧਿਕਤਾ ਦੇ ਪਸਾਰ’ ਹਰਭਜਨ ਸਿੰਘ ਹਲਵਾਰਵੀ ਦੀ ਬੌਧਿਕ ਸ਼ਖ਼ਸੀਅਤ ਦੇ ਇੱਕ ਹੋਰ ਮਹੱਤਵਪੂਰਨ ਪੱਖ ਨੂੰ ਸਾਹਮਣੇ ਲਿਆਉਂਦੀ ਹੈ। ਇਸ ’ਚ ਕਵਿਤਾ, ਗੀਤ, ਗ਼ਜ਼ਲ, ਯਾਤਰਾ, ਪੰਜਾਬੀ ਸਾਹਿਤਕਾਰਾਂ, ਪੁਸਤਕਾਂ, ਮੁਲਾਕਾਤਾਂ, ਸ਼ਖ਼ਸੀਅਤਾਂ ਅਤੇ ਸਮਕਾਲੀ ਮੁੱਦਿਆਂ ਨਾਲ ਸਬੰਧਤ ਲਿਖਤਾਂ ਸ਼ਾਮਲ ਹਨ, ਜੋ ਉਨ੍ਹਾਂ ਦੀ ਡੂੰਘੀ ਸਮਝ, ਵਿਚਾਰਾਂ ਦੀ ਸਪੱਸ਼ਟਤਾ, ਨਿਡਰਤਾ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀਆਂ ਹਨ। ਪ੍ਰੋ. ਪੀਕੇ. ਸ਼ਰਮਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਭੇਟ ਸਿਰਫ਼ ਕਾਲਜ ਦੀਆਂ ਪੁਸਤਕਾਂ ਵਿੱਚ ਦੋ ਹੋਰ ਪੁਸਤਕਾਂ ਦਾ ਵਾਧਾ ਨਹੀਂ, ਸਗੋਂ ਇੱਕ ਮਾਣਮੱਤੇ ਪੁਰਾਤਨ ਵਿਦਿਆਰਥੀ ਦੀ ਬੌਧਿਕ ਵਿਰਾਸਤ ਦਾ ਉਸੇ ਸੰਸਥਾ ਵਿੱਚ ਵਾਪਸੀ ਹੈ, ਜਿੱਥੋਂ ਉਸ ਦੀ ਵਿਦਿਅਕ ਯਾਤਰਾ ਸ਼ੁਰੂ ਹੋਈ ਸੀ। ਇਹ ਪੁਸਤਕਾਂ ਵਿਦਿਆਰਥੀਆਂ, ਅਧਿਆਪਕਾਂ, ਖੋਜਾਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਗਿਆਨ ਤੇ ਪ੍ਰੇਰਣਾ ਦਾ ਮਹੱਤਵਪੂਰਨ ਸਰੋਤ ਬਣਨਗੀਆਂ।