- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਵ ਦੀ ਯਾਦ ਨੂੰ ਮੁੜ ਤਾਜ਼ਾ ਕਰ ਗਈ ‘ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ’ ਦੀ ਪੇਸ਼ਕਾਰੀ

-ਗਾਇਕ ਪਾਲੀ ਦੇਤਵਾਲੀਆ ਨੇ ਦੇਵ ਸਾਹਿਬ ਨਾਲ ਬਿਤਾਏ ਪਲ ਕੀਤੇ ਸਾਂਝੇ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸ਼ਨਿੱਚਰਵਾਰ ਨੂੰ ਪੰਜਾਬੀ ਭਵਨ ਦੇ ਡਾ. ਪਰਮਿੰਦਰ ਸਿੰਘ ਹਾਲ ਵਿਖੇ ਸਿਰਜਣਧਾਰਾ ਦੀ ਵਿਸ਼ੇਸ਼ ਮੀਟਿੰਗ ਦੌਰਾਨ ਉਸਤਾਦ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲੇ ਦਾ 88ਵਾਂ ਜਨਮਦਿਨ ਉਨ੍ਹਾਂ ਦੇ ਚਹੇਤੇ ਸ਼ਗਿਰਦਾਂ, ਗਾਇਕਾਂ ਅਤੇ ਸਾਹਿਤਕਾਰਾਂ ਵੱਲੋਂ ਬੜੀਆਂ ਰੀਝਾਂ, ਖੁਸ਼ੀਆਂ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਦੇਵ ਥਰੀਕੇ ਵਾਲੇ ਦੀ ਸਾਹਿਤਕ ਤੇ ਗੀਤਕਾਰੀ ਵਿਰਾਸਤ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਰਚਨਾਵਾਂ ਗਾਈਆਂ ਗਈਆਂ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਦੇਵ ਥਰੀਕੇ ਵਾਲੇ ਦੇ ਲਿਖੇ ਗੀਤਾਂ ਨੂੰ ਪੰਜਾਬ ਹੀ ਨਹੀਂ, ਸਗੋਂ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਭਾਈਚਾਰੇ ਨੇ ਵੀ ਬੇਹੱਦ ਪਿਆਰ ਦਿੱਤਾ। ਉਨ੍ਹਾਂ ਦੇ ਗੀਤਾਂ ਨੂੰ ਪੰਜਾਬ ਦੇ ਸਿਰਕੱਢ ਗਾਇਕਾਂ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਹਰਚਰਨ ਗਰੇਵਾਲ, ਕਰਨੈਲ ਗਿੱਲ, ਨਰਿੰਦਰ ਬੀਬਾ, ਕਰਮਜੀਤ ਧੂਰੀ, ਪਾਲੀ ਦੇਤਵਾਲੀਆ ਸਮੇਤ ਅਨੇਕਾਂ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ। ਕੁਲਦੀਪ ਮਾਣਕ ਦਾ ਗਾਇਆ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਅਤੇ ਸੁਰਿੰਦਰ ਛਿੰਦਾ ਦੀ ਆਵਾਜ਼ ਵਿੱਚ ਰਿਕਾਰਡ ‘ਜਿਉਣਾ ਮੌੜ’ ਅੱਜ ਵੀ ਸਰੋਤਿਆਂ ਦੀ ਯਾਦ ਵਿੱਚ ਵਸੇ ਹੋਏ ਹਨ। ਡਾ. ਗੁਰਇਕਬਾਲ ਸਿੰਘ ਨੇ ਦੇਵ ਥਰੀਕੇ ਵਾਲੇ ਨੂੰ ‘ਸ਼ਬਦਾਂ ਦੀ ਟਕਸਾਲ’ ਕਰਾਰ ਦਿੱਤਾ। ਇਸ ਮੌਕੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਦੇਵ ਥਰੀਕੇ ਵਾਲੇ ਦਾ ਮਸ਼ਹੂਰ ਗੀਤ ‘ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ’ ਗਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਉਨ੍ਹਾਂ ਨੇ ਦੇਵ ਸਾਹਿਬ ਨਾਲ ਬਿਤਾਏ ਆਪਣੇ ਨਿੱਘੇ ਪਲਾਂ ਅਤੇ ਯਾਦਾਂ ਨੂੰ ਵੀ ਸਾਂਝਾ ਕੀਤਾ। ਦੇਵ ਥਰੀਕੇ ਵਾਲੇ ਦੇ ਸ਼ਾਗਿਰਦ, ਗੀਤਕਾਰ ਅਤੇ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ ਨੇ ਵੀ ਯਾਦਾਂ ਦੇ ਵਰਕੇ ਫਰੋਲੇ ਅਤੇ ਆਪਣੇ ਉਸਤਾਦ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਤਰਲੋਚਨ ਝਾਂਡੇ ਨੇ ਦੇਵ ਥਰੀਕੇ ਵਾਲੇ ਦੀ ਜੀਵਨੀ ਅਤੇ ਸਾਹਿਤਕ ਸਫ਼ਰ ’ਤੇ ਚਾਨਣਾ ਪਾਇਆ।
ਜਗਪਾਲ ਜੱਗਾ ਜਮਾਲਪੁਰ ਨੇ ਦੇਵ ਸਾਹਿਬ ਦਾ ਗੀਤ ‘ਉਂਠਾਂ ਵਾਲੇ ਬਣਨ ਕਦੇ ਨਾ ਯਾਰ ਕੁੜੇ’ ਪੇਸ਼ ਕੀਤਾ। ਸੰਪੂਰਨ ਸਨਮ ਸਾਹਨੇਵਾਲ ਨੇ ਕਵਿਤਾ ‘ਓ ਜਾਣ ਵਾਲੇ’ ਰਾਹੀਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਇਲਾਵਾ ਰਣਜੀਤ ਸਿੰਘ ਗਰੇਵਾਲ, ਨੇਤਰ ਸਿੰਘ ਮੁੱਤੋਂ, ਗਾਇਕ ਬਲਵਿੰਦਰ ਸਿੰਘ ਧਾਲੀਵਾਲ, ਸੁਖਬੀਰ ਸੰਧੂ ਅਤੇ ਪਰਮਿੰਦਰ ਸੇਖੋਂ ਨੇ ਆਪੋ-ਆਪਣੇ ਗੀਤ ਪੇਸ਼ ਕਰਕੇ ਸਮਾਗਮ ਵਿੱਚ ਰੰਗ ਭਰਿਆ। ਲੱਖਮੀ ਸਿੰਘ ਨੇ ਧਾਰਮਿਕ ਗੀਤ ਪੇਸ਼ ਕੀਤਾ। ਇਸ ਮੌਕੇ ਸਤਵਿੰਦਰ ਸਿੰਘ ਥਰੀਕੇ, ਉੱਘੇ ਨਾਟਕਕਾਰ ਮੋਹੀ ਅਮਰਜੀਤ, ਰਣਧੀਰ ਸਿੰਘ ਅਤੇ ਬਲਬੀਰ ਸਿੰਘ ਪੁਹੀੜ ਸਮੇਤ ਹੋਰ ਸਾਹਿਤਕਾਰ ਅਤੇ ਕਲਾਕਾਰ ਵੀ ਹਾਜ਼ਰ ਸਨ।
-ਕੇਕ ਕੇਟ ਕੇ ਮਨਾਇਆ ਦੇਵ ਥਰੀਕਿਆਂ ਵਾਲੇ ਦਾ ਜਨਮ ਦਿਨ
ਕੇਕ ਕੱਟ ਕੇ ਬਾਪੂ ਦੇਵ ਥਰੀਕੇ ਦਾ 88ਵਾਂ ਜਨਮਦਿਨ ਉਨਾਂ ਦੇ ਘਰ ਥਰੀਕੇ ਵਿਖੇ ਮਨਾਇਆ ਗਿਆ। ਉਨ੍ਹਾਂ ਦੇ ਸਪੁੱਤਰ ਜਗਵੰਤ ਸਿੰਘ ਅਤੇ ਯੁੱਧਵੀਰ ਮਾਣਕ ਨੇ ਕੇਕ ਕੱਟਣ ਦੀ ਰਸਮ ਨਿਭਾਈ। ਇਸ ਮੌਕੇ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਸ੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਗਾਇਕ ਦਲੇਰ, ਪੰਜਾਬੀ ਗਾਇਕ ਗੁਰਮੀਤ ਮੀਤ, ਗਾਇਕ ਲਹਿੰਬਰ ਹੁਸੈਨਪੁਰੀ,ਲੇਖਕ ਕੇਵਲ ਸਿੰਘ ਹੀਰਾ, ਹਰਪਿੰਦਰ ਸਿੰਘ, ਗੀਤਕਾਰ ਤੇਜਾ ਤਲਵੰਡੀ, ਭੁਪਿੰਦਰ ਸਿੰਘ ਸੇਖੋ, ਗੀਤਕਾਰ ਬਲਵੀਰ ਸਿੰਘ ਮਾਨ, ਕੌਸਲ ਮੱਲਾ, ਸੰਧੇ ਸੁਖਬੀਰ, ਗੁਰਮੇਲ ਸਿੰਘ, ਰਵਿੰਦਰ ਰਵੀ ਖੁਸ਼ਵਿੰਦਰ ਸਿੰਘ ਅਤੇ ਤਾਰਾ ਸਿੰਘ ਨੇ ਦੇਵ ਸਾਹਿਬ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਕਰਦੇ ਗੀਤਾਂ ਦੀ ਮਹਿਫਲ ਵੀ ਸਜਾਈ। ਜਗਵੰਤ ਸਿੰਘ ਅਤੇ ਹਰਵਿੰਦਰ ਥਰੀਕੇ ਵੱਲੋਂ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।