- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਰਿੰਗ ’ਚ ਗੂੰਜਿਆ ਪੰਜਾਬ ਦਾ ਨਾਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਤਿਭਾ ਨੂੰ ਜੇਕਰ ਸਹੀ ਸਮੇਂ ’ਤੇ ਸਹਿਯੋਗ ਮਿਲੇ ਤਾਂ ਕਾਮਯਾਬੀ ਦੇ ਰਾਹ ਖੁੱਲ੍ਹ ਜਾਂਦੇ ਹਨ। ਇਸ ਦੀ ਮਿਸਾਲ ਕਿੱਕ ਬਾਕਸਿੰਗ ਖਿਡਾਰਨਾਂ ਕੋਮਲ ਅਤੇ ਸ਼ਾਂਤੀ ਨੇ ਪੇਸ਼ ਕੀਤੀ ਹੈ। ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਨਿਸ਼ਾਨ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਦੋਵਾਂ ਖਿਡਾਰਨਾਂ ਨੂੰ ਫੰਡਿੰਗ ਮੁਹੱਈਆ ਕਰਵਾਈ ਗਈ। ਮੁਕਾਬਲੇ ਵਿੱਚ ਕੋਮਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ, ਜਦਕਿ ਸ਼ਾਂਤੀ ਨੇ ਬਰਾਂਜ਼ ਮੈਡਲ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮੰਨਵਾਇਆ। ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਸੋਨੀਆ ਅਲੱਗ ਨੇ ਕਿਹਾ ਕਿ ਸੰਸਥਾ ਦਾ ਮਕਸਦ ਅਜਿਹੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅੱਗੇ ਲਿਆਉਣਾ ਹੈ, ਜੋ ਆਰਥਿਕ ਮੁਸ਼ਕਲਾਂ ਕਾਰਨ ਆਪਣੀ ਖੇਡ ਨੂੰ ਅੱਗੇ ਨਹੀਂ ਲੈ ਜਾ ਪਾਉਂਦੇ। ਨਿਸ਼ਾਨ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਨੂੰ ਸਿਰਫ਼ ਮੁਕਾਬਲਿਆਂ ਲਈ ਹੀ ਨਹੀਂ, ਸਗੋਂ ਸਿੱਖਿਆ, ਡਾਇਟ ਤੇ ਖੇਡ ਕਿੱਟਾਂ ਲਈ ਵੀ ਸਮਰੱਥਾ ਅਨੁਸਾਰ ਮਦਦ ਦਿੱਤੀ ਜਾਂਦੀ ਹੈ। ਸੋਨੀਆ ਅਲੱਗ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਖੇਡਾਂ ਨੌਜਵਾਨਾਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਨਿਸ਼ਾਨ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਨਾਲ ਜੁੜਨ ਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ। ਕੋਮਲ ਤੇ ਸ਼ਾਂਤੀ ਦੀ ਇਸ ਉਪਲੱਬਧੀ ’ਤੇ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਦੋਵੇਂ ਖਿਡਾਰਨਾਂ ਨੂੰ ਵਧਾਈ ਦਿੱਤੀ।