- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਆਰਐਸ ਨਗਰ ਦੇ ਲੋਕਾਂ ਨਾਲ ਪਵਨ ਦੀਵਾਨ ਨੇ ਕੀਤੀ ਮੀਟਿੰਗ

ਫੋਟੋ ਨੰਬਰ-16
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਵੀਰਵਾਰ ਨੂੰ ਸਾਥੀਆਂ ਸਮੇਤ ਬੀਆਰਐੱਸ ਨਗਰ ਦੇ ਜੇ ਬਲਾਕ ਵਸਨੀਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦਾ ਪ੍ਰਬੰਧ ਕੁਲਬੀਰ ਨੀਟਾ ਵੱਲੋਂ ਕੀਤਾ ਗਿਆ। ਇਸ ਦੌਰਾਨ ਇਲਾਕਾ ਵਾਸੀਆਂ ਨੇ ਬਿਜਲੀ ਕੱਟਾਂ ਅਤੇ ਸੜਕਾਂ ਦੀ ਖਸਤਾ ਹਾਲਤ ਸਮੇਤ ਹੋਰ ਸਮੱਸਿਆਵਾਂ ਬਾਰੇ ਦੀਵਾਨ ਨੂੰ ਜਾਣੂੰ ਕਰਵਾਇਆ। ਲੋਕਾਂ ਨੇ ਦੱਸਿਆ ਕਿ ਕਈ-ਕਈ ਘੰਟੇ ਬਿਜਲੀ ਬੰਦ ਰਹਿਣ ਕਾਰਨ ਰੋਜ਼ਾਨਾ ਦੇ ਕੰਮਕਾਜ ’ਤੇ ਅਸਰ ਪੈ ਰਿਹਾ ਹੈ। ਕਈ ਵਾਰ ਪੀਐੱਸਪੀਸੀਐੱਲ ਦੀ ਐਪ ’ਤੇ ਇਲਾਕੇ ’ਚ ਬਿਜਲੀ ਬੰਦ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਦਿਖਾਈ ਦਿੰਦੀ, ਪਰ ਇਸ ਦੇ ਬਾਵਜੂਦ ਕਈ ਘੰਟਿਆਂ ਤੱਕ ਸਪਲਾਈ ਬਹਾਲ ਨਹੀਂ ਹੁੰਦੀ। ਇਲਾਕਾ ਵਾਸੀਆਂ ਨੇ ਇਹ ਵੀ ਦੱਸਿਆ ਕਿ ਕਈ ਮੌਕਿਆਂ ’ਤੇ ਪੀਐੱਸਪੀਸੀਐੱਲ ਦੇ ਕਸਟਮਰ ਕੇਅਰ ਨੰਬਰ ’ਤੇ ਸੰਪਰਕ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ।
ਇਲਾਕਾ ਵਾਸੀਆਂ ਨੇ ਸੜਕਾਂ ਦੀ ਹਾਲਤ ’ਤੇ ਵੀ ਚਿੰਤਾ ਪ੍ਰਗਟਾਈ। ਕਈ ਥਾਵਾਂ ’ਤੇ ਸੜਕਾਂ ’ਤੇ ਟੋਏ ਪਏ ਹੋਏ ਹਨ। ਧਿਆਨ ਨਾਲ ਵਾਹਨ ਨਾ ਚਲਾਉਣ ’ਤੇ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਵਾਹਨਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਲੋਕਾਂ ਨੇ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੇ ਮੁਕਾਬਲੇ ਆਪਣੇ ਇਲਾਕੇ ਦੀ ਮੌਜੂਦਾ ਸਥਿਤੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਤੇ ਜ਼ਮੀਨੀ ਹਕੀਕਤ ਵਿੱਚ ਫ਼ਰਕ ਨਜ਼ਰ ਆ ਰਿਹਾ ਹੈ। ਬਿਜਲੀ ਦੇ ਬੇਵਕਤ ਕੱਟਾਂ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਕੈਨਾਲ ਵਾਟਰ ਲਈ ਪਾਈਪ ਪਾਉਣ ਵਾਸਤੇ ਪੁੱਟੀਆਂ ਸੜਕਾਂ ਕਾਰਨ ਵੀ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਸਰਕਾਰ ਨੂੰ ਇਸ਼ਤਿਹਾਰਬਾਜ਼ੀ ਦੀ ਬਜਾਏ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਨੂੰ ਵਾਰ-ਵਾਰ ਦਾਅਵਿਆਂ ਰਾਹੀਂ ਭਰੋਸਾ ਨਹੀਂ ਦਿੱਤਾ ਜਾ ਸਕਦਾ ਤੇ ਜ਼ਮੀਨੀ ਪੱਧਰ ’ਤੇ ਕੰਮ ਦਿਖਾਈ ਦੇਣਾ ਚਾਹੀਦਾ ਹੈ। ਮੀਟਿੰਗ ਦੌਰਾਨ ਇੰਦਰਜੀਤ ਕਪੂਰ, ਰੋਹਿਤ ਪਾਹਵਾ, ਬ੍ਰਿਜ ਮੋਹਨ ਸ਼ਰਮਾ, ਬ੍ਰਿਜ ਮੋਹਨ ਕਾਲੀਆ, ਦਿਨੇਸ਼ ਸ਼ਰਮਾ, ਕਾਲੀ ਨਈਅਰ, ਬਾਲ ਕ੍ਰਿਸ਼ਨ ਸ਼ਰਮਾ, ਜਸਵੰਤ ਸਿੰਘ ਕਲਸੀ, ਰਾਜੇਸ਼ ਸ਼ਰਮਾ, ਸੁਨੀਲ ਸ਼ਰਮਾ, ਰਾਹੁਲ ਵਿਗ, ਰਮਨ ਸ਼ਰਮਾ, ਰਾਜੇਸ਼ ਅਗਰਵਾਲ ਅਤੇ ਰਾਜੀਵ ਕਪੂਰ ਸਮੇਤ ਹੋਰ ਲੋਕ ਮੌਜੂਦ ਸਨ।