ਵਿਦਿਆਰਥੀਆਂ ਨੇ ਸਮਝੇ ਸੰਚਾਰ ’ਤੇ ਪੇਸ਼ਕਾਰੀ ਦੇ ਨੁਕਤੇ ਖੇਤੀ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਸਿੱਖੇ ਸੰਚਾਰ ’ਤੇ ਪੇਸ਼ਕਾਰੀ ਦੇ ਗੁਰ
Publish Date: Thu, 17 Sep 2026 10:08 PM (IST)
Updated Date: Fri, 18 Sep 2026 04:18 AM (IST)
10) ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਐਲੂਮਨੀ ਐਸੋਸੀਏਸ਼ਨ ਵੱਲੋਂ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਸਹਿਯੋਗ ਨਾਲ ‘ਵੌਕਸ-2026 ਵਾਇਸ, ਐਕਸਪ੍ਰੈਸ਼ਨ ਐਂਡ ਪਰਫਾਰਮੈਂਸ’ ਨਾਮਕ ਪੰਜ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਸਰਗਰਮੀਆਂ ਅਤੇ ਪ੍ਰੈਕਟੀਕਲ ਸੈਸ਼ਨ ਕਰਵਾਏ ਗਏ। ਇਨ੍ਹਾਂ ਵਿੱਚ ‘ਫਾਈਂਡ ਯੂਅਰ ਵਾਇਸ’, ਨਿਊਜ਼ ਰੀਡਿੰਗ, ਪੌਡਕਾਸਟਿੰਗ ਅਤੇ ਰੋਲ ਪਲੇਅ ਮੁੱਖ ਤੌਰ ’ਤੇ ਸ਼ਾਮਲ ਸਨ। ਇਨ੍ਹਾਂ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਨੂੰ ਆਵਾਜ਼ ਦੇ ਉਤਾਰ-ਚੜ੍ਹਾਅ, ਸਪੱਸ਼ਟ ਉਚਾਰਨ, ਹਾਵ-ਭਾਵ, ਬਾਡੀ ਲੈਂਗੁਏਜ, ਆਤਮ-ਵਿਸ਼ਵਾਸ ਅਤੇ ਸਰੋਤਿਆਂ ਨਾਲ ਪ੍ਰਭਾਵਸ਼ਾਲੀ ਸੰਵਾਦ ਕਰਨ ਦੇ ਤਰੀਕਿਆਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਗਈ। ਕਾਲਜ ਆਫ਼ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਡੀਨ ਅਤੇ ਐਲੂਮਨੀ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਡਾ. ਮਨਜੀਤ ਸਿੰਘ ਨੇ ਕਿਹਾ ਕਿ ਤਕਨੀਕੀ ਯੋਗਤਾ ਦੇ ਨਾਲ ਪ੍ਰਭਾਵਸ਼ਾਲੀ ਸੰਚਾਰ ਹੁਨਰ ਵੀ ਇਕ ਸਫ਼ਲ ਖੇਤੀ ਇੰਜੀਨੀਅਰ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ‘ਵੌਕਸ’ ਭਵਿੱਖ ’ਚ ਇਕ ਨਿਯਮਤ ਮੰਚ ਵਜੋਂ ਵਿਕਸਿਤ ਹੋਵੇਗਾ, ਜਿੱਥੇ ਵਿਦਿਆਰਥੀਆਂ ਨੂੰ ਆਪਣੇ ਆਤਮ-ਵਿਸ਼ਵਾਸ, ਰਚਨਾਤਮਕਤਾ, ਪ੍ਰਗਟਾਵੇ ਤੇ ਪੇਸ਼ੇਵਰ ਸ਼ਖ਼ਸੀਅਤ ਨੂੰ ਨਿਖਾਰਨ ਦੇ ਮੌਕੇ ਮਿਲਦੇ ਰਹਿਣਗੇ। ਐਲੂਮਨੀ ਐਸੋਸੀਏਸ਼ਨ ਦੀ ਪ੍ਰਧਾਨ ਡਾ. ਪ੍ਰੀਤੀੰਦਰ ਕੌਰ ਨੇ ਦੱਸਿਆ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਨੂੰ ਤਜਰਬੇ-ਆਧਾਰਿਤ ਸਿੱਖਿਆ ਦੇਣ ਦੇ ਉਦੇਸ਼ ਨਾਲ ਉਲੀਕੀ ਸੀ। ਉਨ੍ਹਾਂ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੀ ਮੁਖੀ ਡਾ. ਸ਼ੀਤਲ ਥਾਪਰ ਅਤੇ ਵਿਭਾਗ ਦੇ ਸਰੋਤ ਵਿਅਕਤੀਆਂ ਦਾ ਇਸ ਸਾਂਝੀ ਪਹਿਲਕਦਮੀ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਐਲੂਮਨੀ ਐਸੋਸੀਏਸ਼ਨ ਦੇ ਐਸੋਸੀਏਟ ਡਾਇਰੈਕਟਰ, ਇੰਸਟੀਚਿਊਸ਼ਨਲ ਰਿਲੇਸ਼ਨਜ਼ ਅਤੇ ਮੁੱਖ ਸੰਪਾਦਕ ਡਾ. ਵਿਸ਼ਾਲ ਬੈਕਟਰ ਨੇ ਇਸ ਸਾਂਝੇ ਉਪਰਾਲੇ ਦੇ ਮਕਸਦ ਬਾਰੇ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਅਤੇ ਜ਼ਰੂਰੀ ਸਾਫ਼ਟ ਸਕਿੱਲਜ਼ ਵਿਚਕਾਰ ਸੰਤੁਲਨ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਵੱਖ-ਵੱਖ ਗਤੀਵਿਧੀਆਂ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ‘ਬੈਸਟ ਨਿਊਜ਼ ਰੀਡਰ’, ‘ਬੈਸਟ ਪੌਡਕਾਸਟ ਡੂਓ’ ਅਤੇ ‘ਬੈਸਟ ਰੋਲ ਪਲੇਅਰ’ ਦੀ ਚੋਣ ਕੀਤੀ ਗਈ। ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ, ਜਦਕਿ ਸਾਰੇ ਭਾਗੀਦਾਰਾਂ ਨੂੰ ਸ਼ਮੂਲੀਅਤ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਪੰਜ ਰੋਜ਼ਾ ਵਰਕਸ਼ਾਪ ਦਾ ਤਾਲਮੇਲ ਡਾ. ਬਿਕਰਮਜੀਤ ਸਿੰਘ, ਡਾ. ਹਿਨਾ ਗੋਇਲ ਅਤੇ ਡਾ. ਗੁਰਨਾਜ਼ ਸਿੰਘ ਗਿੱਲ ਵੱਲੋਂ ਕੀਤਾ ਗਿਆ। ਸਮਾਪਤੀ ਮੌਕੇ ਐਲੂਮਨੀ ਐਸੋਸੀਏਸ਼ਨ ਦੀ ਸਕੱਤਰ ਡਾ. ਸੰਧਿਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।