- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫ਼ਰੀਕੀ ਮੁਲਕ ਲੁਧਿਆਣਾ ਦੇ ਟੈਕਸਟਾਈਲ ਖੇਤਰ ’ਚ ਨਿਵੇਸ਼ ਕਰਨ ਲਈ ਤੱਤਪਰ

-ਮਾਲਾਵੀ ਦੀ ਲਿਲੌਂਗਵੇ ਸਿਟੀ ਕੌਂਸਲ ਦੇ ਵਫ਼ਦ ਵੱਲੋਂ ਜੇਬੀਆਰ ਪਾਰਕ ਧਨਾਨਸੂ ਦਾ ਦੌਰਾ
-ਮਾਲਾਵੀ ’ਚ 10 ਮੈਗਾਵਾਟ ਵੇਸਟ-ਟੂ-ਐਨਰਜੀ ਪ੍ਰੋਜੈਕਟ ਲਈ ਜੇਬੀਆਰ ਵੱਲੋਂ ਸਮਝੌਤਾ
-ਸਨਅਤਕਾਰ ਨਿਵੇਸ਼ ਮਿਲਣੀ ਦੌਰਾਨ ਵੱਡੀ ਗਿਣਤੀ ’ਚ ਪੁੱਜੇ ਨਿਵੇਸ਼ਕ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਅਫ਼ਰੀਕੀ ਮੁਲਕ ਲੁਧਿਆਣਾ ਦੇ ਟੈਕਸਟਾਈਲ ਖੇਤਰ ਵਿੱਚ ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਯਤਨਸ਼ੀਲ ਹਨ। ਇਸੇ ਮਨਸ਼ਾ ਦੀ ਪੂਰਤੀ ਲਈ ਮਾਲਾਵੀ ਦੀ ਲਿਲੌਂਗਵੇ ਸਿਟੀ ਕੌਂਸਲ ਦੇ ਮੇਅਰ ਪੀਟਰ ਐਲੈਕਸ ਬਾਂਡਾ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਲੁਧਿਆਣਾ ਪੁੱਜਿਆ। ਵਫ਼ਦ ਨੇ ਨਿਰਵਾਣਾ ਕਲੱਬ ਵਿਖੇ ਜੇਬੀਆਰ ਟੈਕਨੋਲੋਜੀਜ਼ ਲਿਮਟਿਡ ਵੱਲੋਂ ਕਰਵਾਈ ਨਿਵੇਸ਼ ਮਿਲਣੀ ਵਿੱਚ ਹਿੱਸਾ ਲਿਆ, ਜਿਸ ਵਿੱਚ 100 ਤੋਂ ਵੱਧ ਉਦਯੋਗਪਤੀ, ਨਿਵੇਸ਼ਕ ਅਤੇ ਉਦਯੋਗਿਕ ਖੇਤਰ ਨਾਲ ਜੁੜੇ ਨੁਮਾਇੰਦੇ ਸ਼ਾਮਲ ਹੋਏ।
ਨਿਵੇਸ਼ ਦੌਰਾਨ ਮਾਲਾਵੀ ਤੇ ਪੰਜਾਬ ਦਰਮਿਆਨ ਨਿਵੇਸ਼, ਤਕਨੀਕੀ ਸਹਿਯੋਗ ਅਤੇ ਉਦਯੋਗਿਕ ਭਾਈਵਾਲੀ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਾਲਾਵੀ ’ਚ ਪ੍ਰਸਤਾਵਿਤ 10 ਮੈਗਾਵਾਟ ਵੇਸਟ-ਟੂ-ਐਨਰਜੀ ਪ੍ਰੋਜੈਕਟ ਸਬੰਧੀ ਜੇਬੀਆਰ ਟੈਕਨੋਲੋਜੀਜ਼ ਲਿਮਟਿਡ ਅਤੇ ਲਿਲੌਂਗਵੇ ਸਿਟੀ ਕੌਂਸਲ ਵਿਚਕਾਰ ਸਮਝੌਤਾ ਪੱਤਰ (ਐਮਓਯੂ) ’ਤੇ ਵੀ ਹਸਤਾਖਰ ਕੀਤੇ ਗਏ।
ਜੇਬੀਆਰ ਦੇ ਟੈਕਨੀਕਲ ਡਾਇਰੈਕਟਰ ਪ੍ਰਦੀਪ ਸਿੰਘ ਨੇ ਇਨਵੈਸਟਰ ਮੀਟ ਦੌਰਾਨ ਰਿਸਿਲੀਐਂਸ ਟੈਕਸਟਾਈਲ ਪਾਰਕ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਉਨ੍ਹਾਂ ਪ੍ਰੋਜੈਕਟ ਦੇ ਉਦਯੋਗਿਕ ਬੁਨਿਆਦੀ ਢਾਂਚੇ, ਕਾਮਨ ਸਹੂਲਤਾਂ, ਯੂਟੀਲਿਟੀਜ਼, ਵਾਤਾਵਰਣ ਪ੍ਰਬੰਧਨ ਤੇ ਟਿਕਾਊ ਉਤਪਾਦਨ ਪ੍ਰਬੰਧ ਬਾਰੇ ਜਾਣਕਾਰੀ ਸਾਂਝੀ ਕੀਤੀ।
ਜੇਬੀਆਰ ਟੈਕਨੋਲੋਜੀਜ਼ ਦੇ ਸੀਐਮਡੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਧਨਾਨਸੂ ਸਥਿਤ ਰਿਸਿਲੀਐਂਸ ਟੈਕਸਟਾਈਲ ਪਾਰਕ ਨੂੰ ‘ਪਲੱਗ ਐਂਡ ਪਲੇ’ ਇੰਡਸਟਰੀਅਲ ਇਕੋਸਿਸਟਮ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ’ਚ ਡਾਇੰਗ, ਫਿਨਿਸ਼ਿੰਗ, ਪ੍ਰੋਸੈਸਿੰਗ ਅਤੇ ਹੋਰ ਟੈਕਸਟਾਈਲ ਸਰਗਰਮੀਆਂ ਲਈ ਇੱਕੋ ਕੰਪਲੈਕਸ ਵਿੱਚ ਕਾਮਨ ਸਹੂਲਤਾਂ ਅਤੇ ਲੋੜੀਂਦੀਆਂ ਸੇਵਾਵਾਂ ਉਪਲੱਬਧ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਵਿੱਚ ਯੂਟੀਲਿਟੀਜ਼, ਵਾਤਾਵਰਣ ਪ੍ਰਬੰਧਨ, ਸਰੋਤਾਂ ਦੀ ਕੁਸ਼ਲ ਵਰਤੋਂ ਤੇ ਟਿਕਾਊ ਸਨਅਤੀ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਵਫ਼ਦ ਵਿੱਚ ਲਿਲੌਂਗਵੇ ਸਿਟੀ ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਲੋਮੈਂਟ ਸਟੈਂਬਲੀ, ਹੈੱਡ ਆਫ਼ ਵੇਸਟ ਮੈਨੇਜਮੈਂਟ ਬੇਕਾਰਾਨੀ ਮੁਕਾ, ਰੋਡ ਐਂਡ ਟਰਾਂਸਪੋਰਟ ਅਧਿਕਾਰੀ ਐਲਿਕਸਨ ਮਸ਼ੁਕਵਾ ਅਤੇ ਐਕਸਪਰਟ ਮੈਂਬਰ-ਕੰਸਲਟੈਂਟ ਉਮਾ ਜੈਨ ਕਮਾਨਸਾ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਹਿੰਦੁਸਤਾਨ ਟਾਇਰਜ਼ ਦੇ ਐੱਮਡੀ ਵਿਜੈ ਸੈਣੀ, ਸੇਵਾਮੁਕਤ ਪੀਸੀਬੀ ਚੀਫ਼ ਇੰਜੀਨੀਅਰ ਸੰਦੀਪ ਬਹਿਲ, ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਸਮੀਰ ਵਰਮਾ, ਸਮੀਰ ਸੂਦ, ਰਾਜੀਵ ਸੂਦ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਪਤਵੰਤੇ ਹਾਜ਼ਰ ਸਨ।
-ਬਾਕਸ-
‘ਪਲੱਗ ਐਂਡ ਪਲੇ’ ਸਹੂਲਤ ਤੋਂ ਪ੍ਰਭਾਵਿਤ, ਟੈਕਸਟਾਈਲ ਯੂਨਿਟ ਲਾਉਣ ਦੀ ਤਿਆਰੀ
ਨਿਵੇਸ਼ ਦੌਰਾਨ ਮੀਰ ਹਾਸ਼ਿਮ ਖੂਰੀ ਗਰੁੱਪ ਦੇ ਵਫ਼ਦ ਨੇ ਦੱਸਿਆ ਕਿ ਗਰੁੱਪ ਹੁਣ ਤੱਕ ਚੀਨ ਅਤੇ ਬੰਗਲਾਦੇਸ਼ ਤੋਂ ਟੈਕਸਟਾਈਲ ਤੇ ਗਾਰਮੈਂਟ ਉਤਪਾਦ ਮੰਗਵਾ ਕੇ ਅਫਰੀਕੀ ਬਾਜ਼ਾਰਾਂ ਵਿੱਚ ਭੇਜਦਾ ਰਿਹਾ ਹੈ। ਗਰੁੱਪ ਦੇ ਨੁਮਾਇੰਦੇ ਨੇ ਕਿਹਾ ਕਿ ਧਨਾਨਸੂ ਸਥਿਤ ਜੇਬੀਆਰ ਰਿਸਿਲੀਐਂਸ ਟੈਕਸਟਾਈਲ ਪਾਰਕ ਵੱਲੋਂ ਦਿੱਤੀ ਜਾ ਰਹੀ ‘ਪਲੱਗ ਐਂਡ ਪਲੇ’ ਸਹੂਲਤ ਤੋਂ ਪ੍ਰਭਾਵਿਤ ਹੋ ਕੇ ਗਰੁੱਪ ਇੱਥੇ ਆਪਣੀ ਉਦਯੋਗਿਕ ਇਕਾਈ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਯੋਜਨਾ ਤਹਿਤ ਗਰੁੱਪ ਵੱਲੋਂ ਟੈਕਸਟਾਈਲ ਮੈਨੂਫੈਕਚਰਿੰਗ ਅਤੇ ਰੰਗਾਈ ਦਾ ਕੰਮ ਕਰਕੇ ਤਿਆਰ ਮਾਲ ਸਿੱਧਾ ਅਫਰੀਕੀ ਬਾਜ਼ਾਰਾਂ ਵਿੱਚ ਭੇਜਣ ਦੀ ਯੋਜਨਾ ਹੈ। ਇਸ ਨਾਲ ਲੁਧਿਆਣਾ ਦੇ ਟੈਕਸਟਾਈਲ ਖੇਤਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਨਾਲ ਜੋੜਨ ਦੀਆਂ ਸੰਭਾਵਨਾਵਾਂ ਵੀ ਵਧ ਸਕਦੀਆਂ ਹਨ।
-ਬਾਕਸ-
-ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਪਾਰਕ ਨੂੰ ਦੱਸਿਆ ਅਹਿਮ ਪਹਿਲਕਦਮੀ
ਨਿਵੇਸ਼ ਮਿਲਣੀ ਵਿੱਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਪੁੱਜੇ। ਉਨ੍ਹਾਂ ਧਨਾਨਸੂ ਵਿਖੇ ਵਿਕਸਤ ਕੀਤੇ ਜਾ ਰਹੇ ਜੇਬੀਆਰ ਰਿਸਿਲੀਐਂਸ ਟੈਕਸਟਾਈਲ ਪਾਰਕ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਧੁਨਿਕ ਉਦਯੋਗਿਕ ਬੁਨਿਆਦੀ ਢਾਂਚੇ ਅਤੇ ਟੈਕਸਟਾਈਲ ਖੇਤਰ ਦੇ ਵਿਕਾਸ ਵੱਲ ਅਹਿਮ ਪਹਿਲਕਦਮੀ ਦੱਸਿਆ।
-ਬਾਕਸ-
ਵਫ਼ਦ ਨੇ ਪ੍ਰਾਜੈਕਟ ਸਾਈਟ ਦਾ ਵੀ ਲਿਆ ਜਾਇਜ਼ਾ
ਇਨਵੈਸਟਰ ਮੀਟ ਤੋਂ ਬਾਅਦ ਮਾਲਾਵੀ ਦੇ ਵਫ਼ਦ ਨੇ ਧਨਾਨਸੂ ਸਥਿਤ ਜੇਬੀਆਰ ਰਿਸਿਲੀਐਂਸ ਟੈਕਸਟਾਈਲ ਪਾਰਕ ਦਾ ਦੌਰਾ ਕੀਤਾ। ਵਫ਼ਦ ਨੇ ਉੱਥੇ ਵਿਕਸਤ ਕੀਤੇ ਜਾ ਰਹੇ ਉਦਯੋਗਿਕ ਢਾਂਚੇ, ਕਾਮਨ ਸਹੂਲਤਾਂ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਫ਼ਦ ਨੂੰ ਪ੍ਰਾਜੈਕਟ ਦੀ ਪ੍ਰਗਤੀ ਅਤੇ ਪ੍ਰਸਤਾਵਿਤ ਉਦਯੋਗਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਭਵਿੱਖ ਵਿੱਚ ਨਿਵੇਸ਼ ਅਤੇ ਅੰਤਰਰਾਸ਼ਟਰੀ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ਵਿੱਚ ਦਿਲਚਸਪੀ ਦਿਖਾਈ।