- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਤੇ ਪਸ਼ੂ ਪਾਲਣ ਮੇਲਾ ਅੱਜ, ਤਿਆਰੀਆਂ ਮੁਕੰਮਲ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ. ਵਿਖੇ ਹਾੜੀ ਦੀਆਂ ਫ਼ਸਲਾਂ ਲਈ ਲਾਇਆ ਜਾਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਲਈ ਮੇਲੇ ਦਾ ਥੀਮ ‘ਵਿਗਿਆਨਕ ਢੰਗ ਅਪਨਾਓ, ਖੇਤੀ ਆਮਦਨ ਵਧਾਓ’ ਰੱਖਿਆ ਗਿਆ ਹੈ। ਮੇਲੇ ਵਿੱਚ ਪੀਏਯੂ. ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਪ੍ਰਾਈਵੇਟ ਫਰਮਾਂ ਅਤੇ ਮਸ਼ੀਨਰੀ ਉਤਪਾਦਕਾਂ ਤੋਂ ਇਲਾਵਾ ਖੇਤੀ ਤਕਨੀਕਾਂ ਨੂੰ ਪ੍ਰਸਾਰਿਤ ਕਰਨ ਵਾਲੇ ਸੈਂਕੜੇ ਸਟਾਲ ਕਿਸਾਨਾਂ ਨੂੰ ਆਕਰਸ਼ਿਤ ਕਰਨਗੇ।
-12 ਵਜੇ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਹੋਣਗੇ। ਸੈਸ਼ਨ ਦੀ ਪ੍ਰਧਾਨਗੀ ਰਜਿਸਟਰਾਰ ਸੁਖਜੀਤਪਾਲ ਸਿੰਘ ਕਰਨਗੇ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਵਿਸ਼ੇਸ਼ ਮਹਿਮਾਨ ਹੋਣਗੇ। ਮੁੱਖ ਮੰਤਰੀ ਨਵੀਆਂ ਪੈੜਾਂ ਪਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕਰਨਗੇ। ਉਦਘਾਟਨੀ ਸਮਾਗਮ ’ਚ ਰੰਗਾਰੰਗ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਸੁਰਜੀਤ ਭੁੱਲਰ, ਦਲਜੀਤ ਧਲੇਰੀਆ ਆਦਿ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।
-ਪਸ਼ੂ ਪਾਲਣ ਮੇਲੇ ਵਿੱਚ ਨਵੇਂ ਉਤਪਾਦ ਅਤੇ ਤਕਨੀਕਾਂ ਕੀਤੀਆਂ ਜਾਣਗੀਆਂ ਪ੍ਰਦਰਸ਼ਿਤ
ਅੱਜ ਤੋਂ ਸ਼ੁਰੂ ਹੋਣ ਵਾਲੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਪਾਲਣ ਮੇਲੇ
ਸਬੰਧੀ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰ ਦਾ ਮੇਲਾ ਜੈਵਿਕ ਸੁਰੱਖਿਆ ਦੀ ਜਾਗਰੂਕਤਾ ਨੂੰ ਸਮਰਪਿਤ ਹੋਵੇਗਾ ਇਸ ਲਈ ਮੇਲੇ ਦਾ ਨਾਅਰਾ ਰੱਖਿਆ ਗਿਆ ਹੈ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’। ਉਨਾਂ ਦੱਸਿਆ ਕਿ ਮੇਲੇ ਵਿੱਚ ਹਰ ਵਰਗ ਉਮਰ ਤੇ ਸੁਭਾਅ ਵਾਸਤੇ ਵੱਖ-ਵੱਖ ਵਸਤੂਆਂ ਅਤੇ ਨੁਮਾਇਸ਼ਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਘਰੇਲੂ ਸੁਆਣੀਆਂ ਜੋ ਕਿ ਪਸ਼ੂਧਨ ਕਿੱਤਿਆਂ ਵਿੱਚ ਮਦਦ ਕਰਦੀਆਂ ਹਨ ਜਾਂ ਪੂਰਨ ਤੌਰ ’ਤੇ ਕੰਮ ਕਰ ਰਹੀਆਂ ਹਨ ਉਹ ਮੇਲੇ ਵਿੱਚ ਆ ਕੇ ਪਸ਼ੂ ਉਤਪਾਦਾਂ ਦੇ ਨਵੇਂ ਤੇ ਬਿਹਤਰ ਉਪਯੋਗ ਜਾਨਣ ਲਈ ਵਿਚਾਰ-ਵਟਾਂਦਰਾ ਕਰ ਸਕਦੀਆਂ ਹਨ। ਯੂਨੀਵਰਸਿਟੀ ਵੱਲੋਂ ਪਸ਼ੂਆਂ ਸਬੰਧੀ ਹਰ ਕਿਸਮ ਦੀ ਸਮੱਸਿਆ, ਪਸ਼ੂ ਬਿਮਾਰੀਆਂ ਤੇ ਨਵੇਂ ਰੁਜ਼ਗਾਰ ਸਥਾਪਿਤ ਕਰਨ ਲਈ ਸਿਖਲਾਈ ਲੈਣ ਸਬੰਧੀ ਸਾਹਿਤ ਵੀ ਮੇਲੇ ਦਾ ਸ਼ਿੰਗਾਰ ਹੋਵੇਗਾ। ਮਹੀਨਾਵਾਰ ਰਸਾਲੇ ‘ਵਿਗਿਆਨਕ ਪਸ਼ੂ ਪਾਲਣ’ ਨੂੰ ਘਰ ਬੈਠੇ ਪ੍ਰਾਪਤ ਕਰਨ ਲਈ ਪਸ਼ੂ ਪਾਲਕ ਆਪਣੇ ਨਾਂ ਵੀ ਦਰਜ ਕਰਵਾ ਸਕਣਗੇ।