- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਜੀ ਸਾਹਿਬ ਆਲਮਗੀਰ ਵਿਖੇ ਸੰਗਰਾਂਦ ਮੌਕੇ ਲੱਸੀ ਦੀ ਛਬੀਲ ਲਗਾਈ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਮੁੱਖ ਦੁਆਰ ਅੰਦਰ ਅੱਸੂ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਗੁਰੂ ਘਰ ਆਉਣ-ਜਾਣ ਵਾਲੀਆਂ ਸੰਗਤ ਦੀ ਸੇਵਾ ਲਈ ਰੋਜ਼ਾਨਾ ਜੋੜਾ ਘਰ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਵੱਲੋਂ ਲੱਸੀ ਦੀ ਛਬੀਲ ਲਗਾਈ ਗਈ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੱਸੀ ਛਕ ਕੇ ਸੇਵਾਦਾਰਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਗੁਰੂਘਰ ਨਾਲ ਜੁੜੇ ਸਰਬਜੀਤ ਸਿੰਘ ਛਾਪਾ ਤੇ ਅਵਤਾਰ ਸਿੰਘ ਲੋਟੇ ਨੇ ਦੱਸਿਆ ਕਿ ਮਹਿੰਦਰ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਗੁਰਜੈਪਾਲ ਸਿੰਘ, ਪਰਮਿੰਦਰ ਸਿੰਘ, ਮਨਮੋਹਨ ਸਿੰਘ, ਸੁਖਦੀਪ ਸਿੰਘ, ਜਸਕਰਨ ਸਿੰਘ, ਰਘਵੀਰ ਸਿੰਘ, ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ ਸਮੇਤ ਹੋਰ ਸਹਿਯੋਗੀ ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਾਰਹਮਾਹਾ ਅਨੁਸਾਰ ਹਰ ਮਹੀਨੇ ਸੰਗਰਾਂਦ ਦੇ ਦਿਹਾੜੇ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਗਰਮੀ ਦੀ ਰੁੱਤ ਦੌਰਾਨ ਲੱਸੀ ਦੀ ਛਬੀਲ ਲਗਾਈ ਜਾਂਦੀ ਹੈ, ਜਦਕਿ ਸਰਦੀ ਦੀ ਰੁੱਤ ਵਿੱਚ ਸੌਗੀ, ਛੁਆਰੇ, ਬਦਾਮ ਆਦਿ ਪਾ ਕੇ ਗਰਮ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ। ਪੰਜਾਬੀ ਸੱਭਿਆਚਾਰ ਦੀ ਅਹਿਮ ਪਛਾਣ ਲੱਸੀ ਨੂੰ ਵੀ ਲੋਕਾਂ ਵੱਲੋਂ ਪਹਿਲਾਂ ਦੇ ਮੁਕਾਬਲੇ ਘੱਟ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਚੁਣੌਤੀ ਨੂੰ ਮੁੱਖ ਰੱਖਦਿਆਂ ਸਾਰੇ ਸੇਵਾਦਾਰਾਂ ਵੱਲੋਂ ਲੰਮੇ ਸਮੇਂ ਤੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਲੱਸੀ ਦੀ ਛਬੀਲ ਦੀ ਸੇਵਾ ਕੀਤੀ, ਤਾਂ ਜੋ ਪੰਜਾਬ ਦੇ ਪੁਰਾਤਨ ਖਾਣ-ਪੀਣ ਦੇ ਵਿਰਸੇ ਨੂੰ ਸਾਂਭਣ ਤੇ ਨਵੀਂ ਪੀੜ੍ਹੀ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ। ਉਨ੍ਹਾਂ ਅਰਦਾਸ ਕਰਦਿਆਂ ਕਿਹਾ ਕਿ ਸੰਗਤਾਂ ਗੁਰਬਾਣੀ ਦੇ ਲੜ ਲੱਗਣ ਅਤੇ ਪੁਰਾਤਨ ਗੁਰਸਿੱਖਾਂ ਦੇ ਸਾਦੇ, ਸਿਹਤਮੰਦ ਤੇ ਸੰਜਮੀ ਜੀਵਨ ਤੋਂ ਪ੍ਰੇਰਣਾ ਲੈਣ। ਉਨ੍ਹਾਂ ਕਿਹਾ ਕਿ ਸਾਡਾ ਪੁਰਾਤਨ ਵਿਰਸਾ, ਖਾਣ-ਪੀਣ ਅਤੇ ਜੀਵਨ-ਜਾਚ ਸਾਡੀ ਅਨਮੋਲ ਵਿਰਾਸਤ ਹੈ, ਜਿਸ ਨੂੰ ਸੰਭਾਲਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।