ਪੱਕੇ ਵੀਸੀ ਦੀ ਨਿਯੁਕਤੀ ਬਿਨਾਂ ਪੀਏਯੂ ਦਾ ਕਿਸਾਨ ਮੇਲਾ ਭਲਕੇ, ਸੀਐੱਮ ਮਾਨ ਕਰਨਗੇ ਉਦਘਾਟਨ ਪੱਕੇ ਵੀਸੀ ਦੀ ਨਿਯੁਕਤੀ ਬਿਨਾਂ ਪੀਏਯੂ ਦਾ ਕਿਸਾਨ ਮੇਲਾ ਭਲਕੇ, ਸੀਐੱਮ ਮਾਨ ਕਰਨਗੇ ਉਦਘਾਟਨ
Publish Date: Wed, 16 Sep 2026 10:32 PM (IST)
Updated Date: Thu, 17 Sep 2026 04:09 AM (IST)
-ਮੁੱਖ ਮੰਤਰੀ ਮਾਨ ਕਰਨਗੇ ਕਿਸਾਨ ਮੇਲੇ ਦਾ ਉਦਘਾਟਨ, ਫ਼ਸਲ ਦੀਆਂ ਨਵੀਆਂ ਕਿਸਮਾਂ, ਬੀਜ ਤੇ ਖ਼ੁਰਾਕੀ ਉਤਪਾਦ ਹੋਣਗੇ ਖਿੱਚ ਦਾ ਕੇਂਦਰ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ 18 ਅਗਸਤ ਨੂੰ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਦੀ ਸੇਵਾ ਮੁਕਤੀ ਪਿੱਛੋਂ ਪੀਏਯੂ ਦਾ ਪੱਕਾ ਵੀਸੀ ਅਜੇ ਤੱਕ ਨਿਯੁਕਤ ਨਹੀਂ ਕੀਤਾ ਗਿਆ ਜਦਕਿ ਕੱਲ੍ਹ ਤੋਂ ਪੀਏਯੂ ਦਾ ਕਿਸਾਨ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ, ਜੋ ਪੱਕੇ ਵੀਸੀ ਦੀ ਨਿਯੁਕਤੀ ਬਿਨਾਂ ਹੋਵੇਗਾ। ਮੇਲੇ ਸਬੰਧੀ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਜਦ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਕਿਸਾਨ ਮੇਲੇ ਵਿੱਚ ਨਵੀਆਂ ਫ਼ਸਲ ਕਿਸਮਾਂ, ਤਕਨੀਕਾਂ, ਮਿਆਰੀ ਬੀਜ ਤੇ ਖੁਰਾਕੀ ਉਤਪਾਦ ਖਿੱਚ ਦਾ ਕੇਂਦਰ ਹੋਣਗੇ। -ਕਿਸਾਨ ਮੇਲੇ ’ਚ ਲੱਗਣਗੇ ਕਰੀਬ 413 ਸਟਾਲ ਡਾ. ਰਿਆੜ ਨੇ ਦੱਸਿਆ ਕਿ ਕਿਸਾਨ ਮੇਲੇ ਲਈ ਯੂਨੀਵਰਸਿਟੀ ਕੈਂਪਸ ਵਿੱਚ 400 ਤੋਂ ਵੱਧ ਸਟਾਲ ਲਗਾਏ ਜਾਣਗੇ। ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਨਵੀਆਂ ਕਿਸਮਾਂ, ਤਕਨੀਕਾਂ ਅਤੇ ਖੇਤੀ ਦੇ ਆਧੁਨਿਕ ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕਿਸਾਨ ਮੇਲੇ ਦੌਰਾਨ ਪੀਏਯੂ ਵੱਲੋਂ ਕਣਕ ਸਮੇਤ ਵੱਖ-ਵੱਖ ਫ਼ਸਲਾਂ ਦੀਆਂ ਨਵੀਆਂ ਜਾਰੀ ਕੀਤੀਆਂ ਕਿਸਮਾਂ ਤੋਂ ਇਲਾਵਾ ਖੇਤੀਬਾੜੀ, ਬਾਗਬਾਨੀ, ਖੇਤੀ ਇੰਜਨੀਅਰਿੰਗ, ਬੇਸਿਕ ਸਾਇੰਸਜ਼ ਅਤੇ ਕਮਿਊਨਿਟੀ ਸਾਇੰਸਜ਼ ਨਾਲ ਸਬੰਧਤ ਨਵੀਆਂ ਤਕਨੀਕਾਂ ਅਤੇ ਵਿਧੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਨਵੀਆਂ ਫ਼ਸਲ ਕਿਸਮਾਂ ਵਿੱਚ ਕਣਕ ਦੀਆਂ ਪੀਬੀਡਬਲਿਊ 887 ਅਤੇ ਪੀਬੀਡਬਲਿਊ 927, ਮਸਰ ਦੀ ਐੱਲਐੱਲ 1613, ਗਰਮ ਰੁੱਤ ਦੀ ਮੂੰਗੀ ਦੀ ਐੱਸਐੱਮਐੱਲ 2575, ਸਰ੍ਹੋਂ ਦੀਆਂ ਪੰਜਾਬ ਰਾਇਆ ਕੈਨੋਲਾ 7 ਅਤੇ ਪੰਜਾਬ ਰਾਇਆ 813 ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੀਆਂ। ਇਸ ਤੋਂ ਇਲਾਵਾ ਫਲਾਂ ਵਿੱਚ ਡਰੈਗਨ ਫਰੂਟ, ਆੜੂ, ਨੈਕਟਰੀਨ, ਕੇਪ ਗੂਜ਼ਬੈਰੀ ਆਦਿ ਅਤੇ ਸਬਜ਼ੀਆਂ ਵਿੱਚ ਬੈਂਗਣ, ਤੋਰੀ, ਘੀਆ, ਮਟਰ ਆਦਿ ਕਿਸਮਾਂ ਸ਼ਾਮਲ ਹਨ। -ਵੱਖ-ਵੱਖ ਸਟਾਲਾਂ ਤੱਕ ਪਹੁੰਚਣ ਲਈ ਰੂਟ ਜਾਰੀ ਕਿਸਾਨ ਮੇਲੇ ਵਿੱਚ ਵੱਖ-ਵੱਖ ਸਟਾਲਾਂ ਤੱਕ ਪਹੁੰਚਣ ਲਈ ਰੂਟ ਜਾਰੀ ਕਰ ਦਿੱਤੇ ਗਏ ਹਨ। ਫਲ ਵਿਗਿਆਨ ਵਿਭਾਗ ਦੇ ਸਟਾਲ ਤੋਂ ਕਿੰਨੂ, ਪੀਏਯੂ ਕਿੰਨੂ-1, ਡੇਜ਼ੀ, ਨਿੰਬੂ, ਸਵੀਟ ਆਰੇਂਜ, ਗ੍ਰੇਪਫਰੂਟ, ਅਮਰੂਦ, ਆਂਵਲਾ, ਬੇਰ, ਪਪੀਤਾ, ਅੰਬ ਅਤੇ ਡਰੈਗਨ ਫਰੂਟ ਆਦਿ ਦੇ ਪੌਦੇ ਖਰੀਦੇ ਜਾ ਸਕਦੇ ਹਨ। ਇਹ ਸਟਾਲ ਪੁਰਾਣੇ ਬਾਗਾਂ ਦੇ ਨੇੜੇ, ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਸਾਹਮਣੇ ਲਗਾਇਆ ਗਿਆ ਹੈ। ਫੁੱਲਾਂ ਦੀਆਂ ਸਾਲਾਨਾ ਤੇ ਸਜਾਵਟੀ ਕਿਸਮਾਂ ਗੇਟ ਨੰਬਰ 2 ਦੇ ਨੇੜੇ ਫਲੋਰੀਕਲਚਰ ਤੇ ਲੈਂਡਸਕੇਪਿੰਗ ਵਿਭਾਗ ਦੀ ਨਰਸਰੀ ਤੋਂ ਅਤੇ ਪੈਟਰੋਲ ਪੰਪ ਨੇੜੇ ਵਿਭਾਗ ਦੇ ਸਟਾਲ ਤੋਂ ਖਰੀਦੀਆਂ ਜਾ ਸਕਦੀਆਂ ਹਨ। ਮਾਈਕ੍ਰੋਬਾਇਓਲੋਜੀ ਵਿਭਾਗ ਦੇ ਸਟਾਲ ਤੋਂ ਬਾਇਓਫਰਟੀਲਾਈਜ਼ਰ, ਕੁਦਰਤੀ ਸਿਰਕਾ, ਫਰਮੈਂਟਡ ਪੀਣ ਵਾਲੇ ਪਦਾਰਥ, ਵਾਈਨ ਅਤੇ ਕੋਮਬੂਚਾ ਵੀ ਉਪਲਬਧ ਹੋਣਗੇ। ਅਨਾਜ ਤੇ ਤੇਲ ਬੀਜ ਫ਼ਸਲਾਂ ਦਾ ਬੀਜ, ਸਬਜ਼ੀਆਂ ਦੇ ਬੀਜ ਕਿੱਟਾਂ ਅਤੇ ਪਨੀਰੀ ਵੀ ਸੀਡ ਫਾਰਮ ਤੋਂ ਖਰੀਦੀ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਦੇ ਰਵਾਇਤੀ ਦਰੱਖਤਾਂ, ਛਾਂਦਾਰ ਅਤੇ ਔਸ਼ਧੀ ਪੌਦਿਆਂ ਦੀ ਨਰਸਰੀ ਫੋਰੈਸਟਰੀ ਅਤੇ ਨੈਚੁਰਲ ਰਿਸੋਰਸਿਜ਼ ਵਿਭਾਗ ਦੇ ਸਟਾਲ, ਜੋ ਕਿ ਸੀਓਸੀਐੱਸ ਨੇੜੇ ਹੈ, ਤੋਂ ਉਪਲਬਧ ਹੋਵੇਗੀ। ਮੇਲੇ ਵਿੱਚ ਆਮ ਲੋਕ ਅਤੇ ਕਿਸਾਨ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਸਟਾਲ ਤੋਂ ਮਲਟੀਗ੍ਰੇਨ ਆਟਾ, ਅਚਾਰ, ਤਿਆਰ ਫਲਾਂ ਦੇ ਜੂਸ, ਫਲਾਂ ਦੇ ਸਕੁਐਸ਼, ਚਟਣੀਆਂ, ਮਫ਼ਿਨ ਅਤੇ ਕੁਕੀਜ਼ ਸਮੇਤ ਵੱਖ-ਵੱਖ ਪ੍ਰੋਸੈਸਡ ਖੁਰਾਕੀ ਉਤਪਾਦ ਵੀ ਖਰੀਦ ਸਕਣਗੇ। -‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’ ਵਿਸ਼ੇ ’ਤੇ ਵੈਟਰਨਰੀ ’ਵਰਸਿਟੀ ਦਾ ‘ਪਸ਼ੂ ਪਾਲਣ ਮੇਲਾ’ ਕੱਲ੍ਹ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’ ਵਿਸ਼ੇ ’ਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ‘ਪਸ਼ੂ ਪਾਲਣ ਮੇਲਾ’ ਕੱਲ੍ਹ ਤੋਂ ਲੱਗ ਰਿਹਾ ਹੈ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਾਰ ਦਾ ਮੇਲਾ ਜੈਵਿਕ ਸੁਰੱਖਿਆ ਦੀ ਜਾਗਰੂਕਤਾ ਨੂੰ ਸਮਰਪਿਤ ਹੋਵੇਗਾ ਇਸ ਲਈ ਮੇਲੇ ਦਾ ਨਾਅਰਾ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’ਰੱਖਿਆ ਗਿਆ ਹੈ। ਪਸ਼ੂ ਪਾਲਕਾਂ ਨੂੰ ਜੈਵਿਕ ਸੁਰੱਖਿਆ ਦੇ ਵਿਭਿੰਨ ਨੁਕਤਿਆਂ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਬਿਮਾਰੀਆਂ ਤੋਂ ਬਚਣ ਦੇ ਉੁਪਰਾਲੇ ਦੱਸੇ ਜਾਣਗੇ। ਮੇਲੇ ਵਿੱਚ ਜਿੱਥੇ ਪਸ਼ੂ ਪਾਲਣ ਅਤੇ ਕਿਸਾਨੀ ਨਾਲ ਸੰਬੰਧਿਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ ਉੱਥੇ 100 ਤੋਂ ਵਧੇਰੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਣ, ਮਸ਼ੀਨਰੀ ਤੇ ਪਸ਼ੂਆਂ ਨਾਲ ਸਬੰਧਿਤ ਸਹੂਲਤਾਂ ਬਾਰੇ ਅਤੇ ਯੂਨੀਵਰਸਿਟੀ ਦੀ ਅਗਵਾਈ ਅਧੀਨ ਕੰਮ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਸਟਾਲ ਲਾਉਣਗੀਆਂ।