ਸੁਖਜੀਤ ਪਾਲ ਸਿੰਘ ਪੀਏਯੂ ਦੇ ਬਣੇ ਨਵੇਂ ਰਜਿਸਟਰਾਰ ਪੀਏਯੂ ਦੇ ਨਵੇਂ ਰਜਿਸਟਰਾਰ ਸੁਖਜੀਤ ਪਾਲ ਸਿੰਘ ਨੇ ਸੰਭਾਲਿਆ ਅਹੁਦਾ
Publish Date: Wed, 16 Sep 2026 10:12 PM (IST)
Updated Date: Thu, 17 Sep 2026 04:09 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ 2018 ਬੈਚ ਦੇ ਪੰਜਾਬ ਕਾਡਰ ਦੇ ਆਈਏਐੱਸ ਅਧਿਕਾਰੀ ਸੁਖਜੀਤ ਪਾਲ ਸਿੰਘ ਨੇ ’ਵਰਸਿਟੀ ਦੇ ਨਵੇਂ ਰਜਿਸਟਰਾਰ ਵਜੋਂ ਅਹੁਦਾ ਸੰਭਾਲ ਲਿਆ। ਇਸਦੇ ਨਾਲ ਹੀ ਉਹ ਵਾਈਸ ਚਾਂਸਲਰ ਦਫ਼ਤਰ ਦੇ ਮੌਜੂਦਾ ਕੰਮ ਵੀ ਨਿਭਾਉਣਗੇ। ਅਹੁਦਾ ਸੰਭਾਲਣ ਮੌਕੇ ਪੀਏਯੂ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੌਰਾਨ ਸਿੰਘ ਨੇ ਇਸ ਜ਼ਿੰਮੇਵਾਰੀ ਨੂੰ ਆਪਣੇ ਲਈ ਮਾਣ ਵਾਲਾ ਪਲ ਦੱਸਿਆ। ਪੰਜਾਬ ਖੇਤੀਬਾੜੀ ’ਵਰਸਿਟੀ ਖੋਜ, ਸਿੱਖਿਆ ਤੇ ਕਿਸਾਨ ਭਾਈਚਾਰੇ ਪ੍ਰਤੀ ਸਮਰਪਿਤ ਸੇਵਾ ਦੀ ਲੰਮੀ ਵਿਰਾਸਤ ਵਾਲੀ ਇਕ ਮੋਹਰੀ ਸੰਸਥਾ ਹੈ। ਉਨ੍ਹਾਂ ’ਵਰਸਿਟੀ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਖੇਤੀਬਾੜੀ ਤੇ ਕਿਸਾਨੀ ਦੀ ਤਰੱਕੀ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਖੇਤੀਬਾੜੀ ਸਾਹਮਣੇ ਲਗਾਤਾਰ ਨਵੀਆਂ ਤੇ ਬਦਲਦੀਆਂ ਚੁਣੌਤੀਆਂ ਆ ਰਹੀਆਂ ਹਨ, ਇਸ ਲਈ ਯੂਨੀਵਰਸਿਟੀ ਨੂੰ ਆਪਣੀ ਖੋਜ ਤੇ ਗਿਆਨ-ਪ੍ਰਸਾਰ ਦੀ ਗਤੀ ਨੂੰ ਕਾਇਮ ਰੱਖਣਾ ਹੋਵੇਗਾ। ’ਵਰਸਿਟੀ ਦੇ ਸਿੱਖਿਆ, ਖੋਜ ਤੇ ਪਸਾਰ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਵਿਦਿਆਰਥੀਆਂ ਨੂੰ ਕੇਂਦਰ ’ਚ ਰੱਖਣਾ ਜ਼ਰੂਰੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਡੀਨਾ ਤੇ ਡਾਇਰੈਕਟਰਾਂ ਨੇ ਨਵੇਂ ਰਜਿਸਟਰਾਰ ਨੂੰ ਪੀਏਯੂ ਦੀਆਂ ਸਿੱਖਿਆ, ਖੋਜ ਤੇ ਪਸਾਰ ਦੇ ਖੇਤਰ ’ਚ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਸੁਖਜੀਤ ਪਾਲ ਸਿੰਘ ਦੇ ਅਹੁਦਾ ਸੰਭਾਲਣ ਨਾਲ ’ਵਰਸਿਟੀ ਦੀ ਪ੍ਰਸ਼ਾਸਨਿਕ ਅਗਵਾਈ ਵਿੱਚ ਨਵੀਂ ਸ਼ੁਰੂਆਤ ਹੋਈ ਹੈ। ਉਨ੍ਹਾਂ ਵੱਲੋਂ ਵਿਦਿਆਰਥੀ-ਕੇਂਦਰਿਤ ਸਿੱਖਿਆ, ਖੋਜ ਤੇ ਪਸਾਰ ਪ੍ਰਬੰਧ ਨੂੰ ਮਜ਼ਬੂਤ ਕਰਨ, ਚੰਗੇ ਸ਼ਾਸਨ ਤੇ ਨਵੀਂ ਸੋਚ ਨੂੰ ਉਤਸ਼ਾਹਿਤ ਕਰਨ ’ਤੇ ਦਿੱਤੇ ਜ਼ੋਰ ਨੂੰ ਪੀਏਯੂ ਦੀਆਂ ਭਵਿੱਖੀ ਤਰਜੀਹਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।