- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟ੍ਰੀਟ ਵੈਂਡਰਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਲਈ ਨਿਗਮ ਨੇ ਲਗਾਇਆ ‘ਲੋਕ ਕਲਿਆਣ ਮੇਲਾ’

-ਪੀਐੱਮ ਸਵਨਿਧੀ ਸਕੀਮ ਤਹਿਤ ਨਵੇਂ ਕਰਜ਼ੇ, ਡਿਜੀਟਲਾਈਜੇਸ਼ਨ ਬਾਰੇ ਦਿੱਤੀ ਜਾਣਕਾਰੀ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਦੇ ਸਟ੍ਰੀਟ ਵੈਂਡਰਾਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਤੇ ਉਨ੍ਹਾਂ ਨੂੰ ਸਕੀਮਾਂ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਨਗਰ ਨਿਗਮ ਲੁਧਿਆਣਾ ਵੱਲੋਂ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ ਆਤਮ-ਨਿਰਭਰ ਨਿਧੀ ਸਕੀਮ ਤਹਿਤ ‘ਲੋਕ ਕਲਿਆਣ ਮੇਲਾ’ ਕਰਵਾਇਆ। ਮੇਲਾ ਨਿਗਮ ਦੇ ਜ਼ੋਨ-ਏ ਦਫ਼ਤਰ, ਮਾਤਾ ਰਾਣੀ ਚੌਕ ਨੇੜੇ ਕਰਵਾਇਆ। ਮੇਲੇ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਸਟ੍ਰੀਟ ਵੈਂਡਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਨਿਗਮ ਵੱਲੋਂ ਇਸ ਦੌਰਾਨ ਵੈਂਡਰਾਂ ਨੂੰ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਆਸਾਨੀ ਨਾਲ ਲਾਭ ਲੈਣ ਲਈ ਜਾਣਕਾਰੀ ਤੇ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਵਿੱਚ ਨਵੇਂ ਕਰਜ਼ਿਆਂ ਲਈ ਅਰਜ਼ੀਆਂ, ਡਿਜੀਟਲਾਈਜੇਸ਼ਨ, ਸੋਸ਼ਿਓ-ਪ੍ਰੋਫਾਈਲਿੰਗ ਤੇ ਸਟ੍ਰੀਟ ਵੈਂਡਰਾਂ ਲਈ ਕ੍ਰੈਡਿਟ ਕਾਰਡ ਵਾਸਤੇ ਅਰਜ਼ੀ ਦੇਣ ਸਮੇਤ ਹੋਰ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਮੇਲੇ ਦੌਰਾਨ ਸਟ੍ਰੀਟ ਵੈਂਡਰਾਂ ਤੇ ਨਿਗਮ ਅਧਿਕਾਰੀਆਂ ਵਿਚਕਾਰ ਸਿੱਧੀ ਗੱਲਬਾਤ ਦਾ ਮੌਕਾ ਵੀ ਮਿਲਿਆ। ਵੈਂਡਰਾਂ ਨੇ ਆਪਣੀਆਂ ਸਮੱਸਿਆਵਾਂ ਅਤੇ ਸਰਕਾਰੀ ਸਕੀਮਾਂ ਨਾਲ ਸਬੰਧਤ ਸਵਾਲ ਅਧਿਕਾਰੀਆਂ ਸਾਹਮਣੇ ਰੱਖੇ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਤੇ ਲੁੜੀਂਦੀ ਮਦਦ ਪ੍ਰਦਾਨ ਕੀਤੀ ਗਈ। ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਨਿਗਮ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਸਟ੍ਰੀਟ ਵੈਂਡਰਾਂ ਤੱਕ ਪਹੁੰਚਾਉਣ ਲਈ ਲਗਾਤਾਰ ‘ਲੋਕ ਕਲਿਆਣ ਮੇਲੇ’ ਕਰਵਾਏ ਜਾ ਰਹੇ ਹਨ। ਨਿਗਮ ਦਾ ਉਦੇਸ਼ ਪਾਰਦਰਸ਼ੀ ਢੰਗ ਨਾਲ ਸਰਕਾਰੀ ਸਹੂਲਤਾਂ ਲੋਕਾਂ ਤੱਕ ਪਹੁੰਚਾਉਣਾ ਤੇ ਸਟ੍ਰੀਟ ਵੈਂਡਰਾਂ ਨੂੰ ਡਿਜੀਟਲ ਤੌਰ ’ਤੇ ਸਸ਼ਕਤ ਬਣਾਉਣਾ ਹੈ। ਇਹ ਮੇਲਾ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਸੀਐੱਮਐੱਮ ਸ਼ਿਲਪਾ, ਸੀਐੱਮਐੱਮ ਕੇਤਨ ਸਮੇਤ ਨਿਗਮ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਰਹੇ।