- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਦੀ ਵਾਲੀਬਾਲ ਟੀਮ ਨੇ ਜ਼ੋਨਲ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ, ਢਿੱਲੋਂ ਨਗਰ, ਗਲੀ ਨੰਬਰ-8 (ਲੋਹਾਰਾ) ਦੀ ਅੰਡਰ-17 ਵਾਲੀਬਾਲ ਟੀਮ ਨੇ ‘ਵਤਨ ਪੰਜਾਬ ਦੀਆਂ ਖੇਡਾਂ-2026’ ਤਹਿਤ ਕਰਵਾਏ ਜ਼ੋਨਲ ਵਾਲੀਬਾਲ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਟੀਮ ਨੇ ਸਖ਼ਤ ਮੁਕਾਬਲੇ ’ਚ ਲੱਲਤੋਂ ਦੀ ਟੀਮ ਨੂੰ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਟੀਮ ਦੀ ਇਸ ਸਫਲਤਾ ਪਿੱਛੇ ਵਾਲੀਬਾਲ ਕੋਚ ਗੁਰਪ੍ਰੀਤ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਦਾ ਅਹਿਮ ਯੋਗਦਾਨ ਹੈ। ਕਾਰਜਕਾਰੀ ਮੈਂਬਰ ਗੁਰਚਰਨ ਸਿੰਘ ਮਾਲਵਾ ਵੱਲੋਂ ਵੀ ਪਿਛਲੇ ਦੋ ਸਾਲਾਂ ਤੋਂ ਖਿਡਾਰੀਆਂ ਨੂੰ ਖੇਡ ਲਈ ਤਿਆਰ ਕਰਨ ਤੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਵਾਲੀਬਾਲ ਟੀਮ, ਕੋਚ, ਸਕੂਲ ਸਟਾਫ਼ ਤੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ। ਖਿਡਾਰੀਆਂ ਨੇ ਮਿਹਨਤ ਤੇ ਅਨੁਸ਼ਾਸਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਗੁਰਚਰਨ ਸਿੰਘ ਮਾਲਵਾ ਨੇ ਦੱਸਿਆ ਕਿ ਸਕੂਲ ਦੀ ਟੀਮ ਵਿੱਚੋਂ ਜ਼ਿਲ੍ਹਾ ਪੱਧਰ ਦੀਆਂ ਅਗਲੀਆਂ ਖੇਡਾਂ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ। ਸਕੂਲ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੇ ਅਗਲੇ ਪੜਾਅ ਲਈ ਤਿਆਰੀ ਵੀ ਸ਼ੁਰੂ ਕੀਤੀ ਹੈ। ਪ੍ਰਿੰਸੀਪਲ ਸਰਬਜੀਤ ਕੌਰ ਨੇ ਖਿਡਾਰੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਹ ਜਿੱਤ ਖਿਡਾਰੀਆਂ ਦੀ ਦਿਨ-ਰਾਤ ਦੀ ਮਿਹਨਤ ਤੇ ਕੋਚ ਗੁਰਪ੍ਰੀਤ ਸਿੰਘ ਦੀ ਸਿਖਲਾਈ ਦਾ ਨਤੀਜਾ ਹੈ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਗਾਦੜੀ, ਜੁਆਇੰਟ ਜਨਰਲ ਸਕੱਤਰ ਰਘਬੀਰ ਸਿੰਘ ਗਾਦੜਾ, ਸਲਾਹਕਾਰ ਕਰਨੈਲ ਸਿੰਘ ਦੋਸਾਂਝ, ਕੈਸ਼ੀਅਰ ਗੁਰਪ੍ਰੀਤ ਸਿੰਘ ਮਾਲੜਾ, ਬਲਬੀਰ ਸਿੰਘ ਟਿੱਬਾ ਸਮੇਤ ਕਮੇਟੀ ਮੈਂਬਰ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।