- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਦ ਮੱਖੀ ਪਾਲਣ ਬਾਰੇ ਦੋ ਰੋਜ਼ਾ ਸਿਖਲਾਈ ਕੋਰਸ ਸਮਾਪਤ

ਸਟਾਫ ਪ੍ਰਤੀਨਿਧ, ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਕੀਟ ਵਿਗਿਆਨ ਵਿਭਾਗ ਨੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਨੂੰ ਸ਼ਹਿਦ ਸਬੰਧੀ ਕਾਰੋਬਾਰ ਨਾਲ ਜੋੜਨ ਤੇ ਇਸ ਕਿੱਤੇ ਦੀਆਂ ਬਾਰੀਕੀਆਂ ਵਿਚਾਰਨ ਲਈ ਦੋ ਦਿਨਾ ਸਿਖਲਾਈ ਕੋਰਸ ਕਰਵਾਇਆ। ਸਕਿੱਲ ਡਿਵੈਲਪਮੈਂਟ ਸੈਂਟਰ ’ਚ ਇਸ ਕੋਰਸ ਦੇ ਸਮਾਪਤੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸ਼ਾਮਲ ਹੋਏ। ਡਾ. ਭੁੱਲਰ ਨੇ ਡਾਇਰੈਕਟੋਰੇਟ ਵੱਲੋਂ ਕੀਤੀਆਂ ਜਾਣ ਵਾਲੀਆਂ ਪਸਾਰ ਸਰਗਰਮੀਆਂ ਤੇ ਕਿਸਾਨਾਂ ’ਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਮਾਹਿਰਾਂ ਨਾਲ ਵਿਚਾਰ-ਚਰਚਾ ਤੋਂ ਬਾਅਦ ਸਹੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਇਸ ਮੌਕੇ ਹਾਜ਼ਰ ਸ਼ਹਿਦ ਮੱਖੀ ਪਾਲਕਾਂ ਨੂੰ ਦੱਸਿਆ ਕਿ ਇਹ ਕੋਰਸ ਦਸ ਸਿਖਲਾਈ ਕੋਰਸਾਂ ਦੀ ਲੜੀ ਦੀ ਸ਼ੁਰੂਆਤ ਹੈ ਜਿਸ ’ਚ ਸ਼ਹਿਦ ਦੀ ਉਤਪਾਦਕਤਾ ਤੇ ਮੱਖੀਆਂ ਦੇ ਰਖ-ਰਖਾਅ ਸਬੰਧੀ ਨਵੀਨ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਕੋਰਸ ਦੇ ਨਿਰਦੇਸ਼ਕ ਡਾ. ਜਸਪਾਲ ਸਿੰਘ ਅਨੁਸਾਰ 23 ਸਿਖਿਆਰਥੀਆਂ ਨੇ ਇਸ ਕੋਰਸ ’ਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 11 ਔਰਤਾਂ ਸਨ। ਸਿਖਿਆਰਥੀਆਂ ਨੂੰ ਹੱਥੀਂ ਸਿਖਲਾਈ ਦੇਣ ਦੇ ਮੰਤਵ ਨਾਲ ਰਾਣੀ ਮੱਖੀ ਦੀ ਸੰਭਾਲ, ਮੌਸਮ ਅਨੁਸਾਰ ਕੁੰਟੁਬਾਂ ਤੇ ਬਕਸਿਆਂ ਦੇ ਪ੍ਰਬੰਧਨ ਤੇ ਸ਼ਹਿਦ ਦੀ ਉਤਪਾਦਕਤਾ ਵਧਾਉਣ ਬਾਰੇ ਵਿਸਥਾਰ ਨਾਲ ਦੱਸਿਆ। ਸ਼ਹਿਦ ਦੀ ਪ੍ਰੋਸੈਸਿੰਗ, ਪੈਕਿੰਗ ਤੇ ਮੰਡੀਕਰਨ ਦੇ ਨਵੇਂ ਨੁਕਤੇ ਵੀ ਸਿਖਿਆਰਥੀਆਂ ਨੂੰ ਸਮਝਾਏ। ਕਿੱਤੇ ਨੂੰ ਕਾਰੋਬਾਰੀ ਲੀਹਾਂ ’ਤੇ ਤੋਰਨ ਲਈ ਕਿਸਾਨ ਨਿਰਮਾਤਾ ਸੰਗਠਨ ਤੇ ਸਵੈ-ਸੇਵੀ ਸਮੂਹਾਂ ਦੀ ਨਿਰਮਾਣਕਾਰੀ ਦੀਆਂ ਤਕਨੀਕੀ ਬਾਰੀਕੀਆਂ ਵੀ ਕਿਸਾਨਾਂ ਤਕ ਪਹੁੰਚਾਈਆਂ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਤੂਰ ਤੇ ਆਈਐੱਚਏ ਦੇ ਨਿਰਦੇਸ਼ਕ ਨਮਰਤਾ ਖੰਨਾ ਨੇ ਵੀ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ। ਡਾਵਰ ਦੇ ਸਹਿਯੋਗੀ ਪ੍ਰਬੰਧਕ ਵਿਕਰਮ ਸਿੰਘ ਨੇ ਸ਼ਹਿਦ ਦੇ ਮੰਡੀਕਰਨ ਬਾਰੇ ਕੀਮਤੀ ਨੁਕਤੇ ਸੁਝਾਏ। ਕੋਰਸ ਦੇ ਸੰਯੋਜਕਾਂ ’ਚ ਡਾ. ਅਮਿਤ ਚੌਧਰੀ, ਡਾ. ਭਾਰਤੀ ਮਹਿੰਦਰੂ ਤੇ ਡਾ. ਲਵਲੀਸ਼ ਗਰਗ ਸ਼ਾਮਲ ਸਨ।