- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦਾ ਕਮਾਲ! ਸਾਫ਼ ਸੁਥਰੀ ਸੜਕ ਪੁੱਟ ਕੇ ਮੁੜ ਬਣਾਉਣ ਦੀ ਤਿਆਰੀ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਿਗਮ ਜ਼ੋਨ-ਬੀ ਅਧੀਨ ਆਉਂਦੀ ਮੈਟਰੋ ਰੋਡ ਤੋਂ ਵਿਸ਼ਵਨਾਥ ਮੰਦਿਰ ਰੋਡ ਤੱਕ ਸਾਫ਼-ਸੁਥਰੀ ਸੜਕ ਨੂੰ ਪੁੱਟ ਕੇ ਮੁੜ ਬਣਾਉਣ ਦਾ ਮਾਮਲਾ ਚਰਚਾ ’ਚ ਆ ਗਿਆ ਹੈ। ਕੌਂਸਲਰ ਗੌਰਵ ਭੱਟੀ ਨੇ ਦੱਸਿਆ ਕਿ ਇਹ ਸੜਕ ਵਾਰਡ-26, ਵਾਰਡ-21 ਤੇ ਵਾਰਡ-28 ਦੇ ਕੁਝ ਹਿੱਸਿਆਂ ਨਾਲ ਜੁੜਿਆ ਹੈ। ਇਸ ਸੜਕ ਤੋਂ ਰੋਜ਼ਾਨਾ ਲੋਕ ਵੱਡੀ ਗਿਣਤੀ ਵਿੱਚ ਆਉਂਦੇ-ਜਾਂਦੇ ਹਨ। ਵਾਰਡ ਨੰਬਰ 26 ਤੋਂ ਕੌਂਸਲਰ ਤੇ ਐੱਫ਼ ਐਂਡ ਸੀਸੀ ਮੈਂਬਰ ਗੌਰਵ ਭੱਟੀ ਨੇ ਦੋਸ਼ ਲਾਇਆ ਹੈ ਕਿ ਸੜਕ ਦੇ ਸਿਰਫ਼ ਕਰੀਬ 20 ਫ਼ੀਸਦੀ ਹਿੱਸੇ ’ਤੇ ਪੈਚਵਰਕ ਦੀ ਲੋੜ ਸੀ, ਪਰ ਇਸ ਦੀ ਬਜਾਏ ਪੂਰੀ ਸੜਕ ਦੀ ਮੁੜ ਉਸਾਰੀ ਕਰਵਾਈ ਜਾ ਰਹੀ ਹੈ। ਕੌਂਸਲਰ ਗੌਰਵ ਭੱਟੀ ਅਨੁਸਾਰ ਜਦੋਂ ਸੜਕ ਦਾ ਵੱਡਾ ਹਿੱਸਾ ਠੀਕ ਠਾਕ ਹਾਲਤ ਵਿੱਚ ਹੈ ਤਾਂ ਉਸ ਨੂੰ ਦੁਬਾਰਾ ਬਣਾਉਣ ’ਤੇ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ ਹੈ। ਲੋਕਾਂ ਵੱਲੋਂ ਦਿੱਤੇ ਟੈਕਸ ਦੇ ਪੈਸੇ ਦੀ ਵਰਤੋਂ ਵਿਕਾਸ ਕੰਮਾਂ ਲਈ ਜ਼ਰੂਰ ਹੋਣੀ ਚਾਹੀਦੀ ਹੈ, ਪਰ ਜਿੱਥੇ ਮੁਰੰਮਤ ਨਾਲ ਕੰਮ ਚੱਲ ਸਕਦਾ ਹੋਵੇ, ਉੱਥੇ ਪੂਰੀ ਸੜਕ ਬਣਾਉਣ ਨਾਲ ਨਿਗਮ ਦੇ ਖ਼ਜ਼ਾਨੇ ’ਤੇ ਵਾਧੂ ਬੋਝ ਪੈ ਰਿਹਾ ਹੈ। ਕੌਂਸਲਰ ਗੌਰਵ ਭੱਟੀ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਸੜਕ ਦੀ ਮੁੜ ਉਸਾਰੀ ਦੇ ਫ਼ੈਸਲੇ ਦੀ ਜਾਂਚ ਕਰਵਾਈ ਜਾਵੇ। ਅਧਿਕਾਰੀ ਇਹ ਸਪੱਸ਼ਟ ਕਰਨ ਕਿ ਸੜਕ ਦੀ ਪੂਰੀ ਮੁੜ ਉਸਾਰੀ ਦੀ ਲੋੜ ਕਿਉਂ ਪਈ ਅਤੇ ਇਸ ਕੰਮ ’ਤੇ ਕਿੰਨੀ ਰਕਮ ਖਰਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਨਗਰ ਨਿਗਮ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਲਈ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।