- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ’ਚ ਪੜ੍ਹ ਰਹੇ ਮਹਾਰਾਸ਼ਟਰ ਦੇ ਵਿਦਿਆਰਥੀਆਂ ਵੱਲੋਂ ਮਨਾਈ ਜਾ ਰਹੀ ਗਣੇਸ਼ ਚਤੁਰਥੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੋਸਟਲ ਨੰਬਰ 7 ਵਿੱਚ ਪੀਏਯੂ ਵਿਖੇ ਪੜ੍ਹ ਰਹੇ ਮਹਾਰਾਸ਼ਟਰ ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਗਣੇਸ਼ ਚੌਥ ਦਾ ਤਿਉਹਾਰ ਨਾਲ ਮਨਾਇਆ ਜਾ ਰਿਹਾ ਹੈ। ਪੀਏਯੂ ਮਰਾਠੀ ਮੰਡਲ ਦੀ ਅਗਵਾਈ ਹੇਠ ਚੱਲ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਵਿਦਿਆਰਥੀ ਹਰ ਰੋਜ਼ ਸ਼੍ਰੀਗਣੇਸ਼ ਜੀ ਦੀ ਪੂਜਾ-ਅਰਚਨਾ ਕਰ ਰਹੇ ਹਨ ਅਤੇ ਸਵੇਰੇ-ਸ਼ਾਮ ਆਰਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਆਸ਼ੀਸ਼, ਵਿਸ਼ਵਨਾਥ ਤੇ ਚੰਦਰਸ਼ੇਖਰ ਨੇ ਦੱਸਿਆ ਕਿ ਗਣੇਸ਼ ਚਤੁਰਥੀ ਸਬੰਧੀ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸ਼੍ਰੀਗਣੇਸ਼ ਜੀ ਦੀ ਸਜਾਵਟ ਅਤੇ ਹੋਰ ਕਾਰਜਾਂ ਵਿੱਚ ਵੇਸਟ ਮਟੀਰੀਅਲ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਗਈ ਹੈ ਜੋ ਕਿ ਵਾਤਾਵਰਣ ਪੱਖੀ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਪੀਏਯੂ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਵਿਦਿਆਰਥੀ ਅਤੇ ਹੋਰ ਲੋਕ ਵੀ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਮਜ਼ਹਬ ਨਾਲ ਸਬੰਧਤ ਲੋਕ ਗਣੇਸ਼ ਜੀ ਦੇ ਦਰਸ਼ਨ ਕਰਨ ਅਤੇ ਮੱਥਾ ਟੇਕਣ ਲਈ ਆ ਰਹੇ ਹਨ, ਜੋ ਆਪਸੀ ਭਾਈਚਾਰੇ ਤੇ ਸਦਭਾਵਨਾ ਦੀ ਸੁੰਦਰ ਮਿਸਾਲ ਹੈ। ਵਿਦਿਆਰਥੀਆਂ ਅਨੁਸਾਰ ਪੀਏਯੂ ਪ੍ਰਸ਼ਾਸਨ ਵੱਲੋਂ ਵੀ ਇਸ ਧਾਰਮਿਕ ਸਮਾਗਮ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸ਼੍ਰੀਗਣੇਸ਼ ਚੌਥ ਸਮਾਗਮ ਦੀ ਸਮਾਪਤੀ 25 ਸਤੰਬਰ ਨੂੰ ਹੋਵੇਗੀ। ਇਸੇ ਦਿਨ ਸ਼੍ਰੀਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ ਤੇ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਜਾਵੇਗਾ।