- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜੀਨੀਅਰਿੰਗ ਕੇਡਰ ਤੋਂ ਖੋਹਿਆ ਗਿਆ ਪੈਟਰੋਲ ਭੱਤਾ ਤੁਰੰਤ ਬਹਾਲ ਕੀਤਾ ਜਾਵੇ-ਪ੍ਰੇਮ ਸਿੰਘ

-ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਵੱਲੋਂ ਇੰਜੀਨੀਅਰ ਦਿਵਸ ਮਨਾਇਆ
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ : ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ ’ਤੇ ਲੁਧਿਆਣਾ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਇੰਜੀਨੀਅਰ ਸਾਥੀਆਂ ਵੱਲੋਂ ਇੰਜੀਨੀਅਰ ਦਿਵਸ ਪੀਏਯੂ ਕਾਨਫਰੰਸ ਹਾਲ ਵਿਖੇ ਮਨਾਇਆ। ਇਸ ਮੌਕੇ ਇੰਜੀਨੀਅਰਿੰਗ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਮਹਾਨ ਇੰਜੀਨੀਅਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਦੀ ਤਰੱਕੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਸਮਾਗਮ ਦੀ ਪ੍ਰਧਾਨਗੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਜਨਰਲ ਸਕੱਤਰ ਸੁਖਰਾਜ ਸਿੰਘ ਤੇ ਜਲ ਸਰੋਤ ਪ੍ਰਬੰਧਨ ਦੇ ਸੂਬਾ ਪ੍ਰਧਾਨ ਧਰਮਜੀਤ ਸਿੰਘ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਇੰਜੀਨੀਅਰਿੰਗ ਕੇਡਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਮੂਹ ਇੰਜੀਨੀਅਰ ਸਾਥੀਆਂ ਦਾ ਇਕਜੁੱਟ ਹੋਣਾ ਤੇ ਸਾਂਝੇ ਤੌਰ ’ਤੇ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਬੁਲਾਰੇ ਪ੍ਰਧਾਨ ਪ੍ਰੇਮ ਸਿੰਘ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇੰਜੀਨੀਅਰਿੰਗ ਕੇਡਰ ਤੋਂ ਖੋਹਿਆ ਗਿਆ ਪੈਟਰੋਲ ਭੱਤਾ ਤੁਰੰਤ ਬਹਾਲ ਕੀਤਾ ਜਾਵੇ। ਏਸੀਪੀ ਸਕੀਮ ਬਹਾਲ ਕਰਨ ਅਤੇ ਜੂਨੀਅਰ ਇੰਜੀਨੀਅਰਾਂ ਦੇ ਗਰੇਡਾਂ ’ਚ ਖੋਹਿਆ ਸਟੇਟਸ ਬਹਾਲ ਕਰਨ ਦੀ ਵੀ ਮੰਗ ਕੀਤੀ। ਸਮੂਹ ਇੰਜੀਨੀਅਰ ਸਾਥੀਆਂ ਨੇ ਐਲਾਨ ਕੀਤਾ ਕਿ ਸਾਂਝੀ ਕੁਆਰਡੀਨੇਸ਼ਨ ਕਮੇਟੀ ਪੰਜਾਬ ਵੱਲੋਂ ਮਹਿੰਗਾਈ ਭੱਤਾ 60 ਫੀਸਦੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਹੋਰ ਮੁਲਾਜ਼ਮ ਮੰਗਾਂ ਲਈ ਚਲਾਏ ਜਾ ਰਹੇ ਸੰਘਰਸ਼ ’ਚ ਪਹਿਲਾਂ ਵਾਂਗ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਐੱਸਡੀਈ. ਪਰਦੀਪ ਸਿੰਘ,ਐਸਡੀਈ ਸਤਵੀਰ ਸਿੰਘ ,ਐਸਡੀਈ ਬਨਵੰਤ ਸਿੰਘ, ਜੇਈ. ਪਰਮਿੰਦਰ ਸਿੰਘ, ਜੇਈ ਕੰਵਰਦੀਪ ਸਿੰਘ, ਜੇਈ. ਜਗਰੂਪ ਸਿੰਘ, ਜੇਈ. ਇਸਮਤਪਾਲ ਸਿੰਘ, ਰਿਟਾ ਐਸਡੀਈ ਗੁਰਦਰਸ਼ਨ ਸਿੰਘ ਅਤੇ ਅਜੈ ਭਨੋਟ ਨੇ ਵੀ ਸੰਬੋਧਨ ਕਰਦਿਆਂ ਇੰਜੀਨੀਅਰ ਦਿਵਸ ਦੀ ਮਹੱਤਤਾ ਅਤੇ ਇੰਜੀਨੀਅਰਿੰਗ ਕੇਡਰ ਦੀਆਂ ਮੰਗਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।