- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ-ਗਰੀਬ ਡਰਾਈਵਰ ਨੂੰ ਕਥਿਤ ਥੱਪੜ ਮਾਰਨ ਦੇ ਮਾਮਲੇ ’ਚ ਵਿਧਾਇਕਾ ਖ਼ਿਲਾਫ਼ ਪਰਚਾ ਦਰਜ ਕਰੇ ਪੁਲਿਸ-ਚੀਮਾ

-ਕਿਹਾ, ਵਿਧਾਇਕਾ ’ਤੇ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਵਿੱਢੇਗੀ ਸੰਘਰਸ਼
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਹਲਕਾ ਲੁਧਿਆਣਾ ਦੱਖਣੀ ਵਿੱਚ ਡਾਬਾ ਰੋਡ ’ਤੇ ਰਸਤਾ ਦੇਣ ਨੂੰ ਲੈ ਕੇ ਇੱਕ ਗਰੀਬ ਡਰਾਈਵਰ ਨਾਲ ਕਥਿਤ ਕੁੱਟਮਾਰ ਅਤੇ ਥੱਪੜ ਮਾਰਨ ਦੇ ਮਾਮਲੇ ਨੇ ਸਿਆਸੀ ਤੂਲ ਫੜ ਲਿਆ ਹੈ। ਕਾਂਗਰਸ ਦੇ ਹਲਕਾ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਪੁਲਿਸ ਪ੍ਰਸ਼ਾਸਨ ਤੋਂ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਖ਼ਿਲਾਫ਼ ਕਾਨੂੰਨ ਅਨੁਸਾਰ ਮਾਮਲਾ ਦਰਜ ਕਰਕੇ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਚੀਮਾ ਨੇ ਕਿਹਾ ਕਿ ਜੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਨਿਰਪੱਖ ਜਾਂਚ ਨਹੀਂ ਕੀਤੀ ਜਾਂਦੀ, ਤਾਂ ਕਾਂਗਰਸ ਪਾਰਟੀ ਗਰੀਬ ਡਰਾਈਵਰ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਕਰੇਗੀ। ਚੀਮਾ ਨੇ ਕਿਹਾ ਕਿ ਰਸਤਾ ਨਾ ਦੇਣ ਨੂੰ ਲੈ ਕੇ ਹੋਏ ਵਿਵਾਦ ਵਿੱਚ ਇੱਕ ਗਰੀਬ ਡਰਾਈਵਰ ਨਾਲ ਕਥਿਤ ਹੱਥੋਪਾਈ ਅਤੇ ਥੱਪੜ ਮਾਰਨ ਦੀ ਘਟਨਾ ਨਿੰਦਣਯੋਗ ਹੈ। ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਕਿਸੇ ਵਿਅਕਤੀ ਦੀ ਆਰਥਿਕ ਜਾਂ ਸਮਾਜਿਕ ਹੈਸੀਅਤ ਦੇ ਆਧਾਰ ’ਤੇ ਕਾਨੂੰਨ ਦਾ ਪੈਮਾਨਾ ਨਹੀਂ ਬਦਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਦੇਰ ਰਾਤ ਈਸ਼ਰ ਨਗਰ ਪੁਲ ’ਤੇ ਲੋਕਾਂ ਵੱਲੋਂ ਧਰਨਾ ਦੇ ਕੇ ਵੀ ਵਿਧਾਇਕਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਚੀਮਾ ਨੇ ਕਿਹਾ ਕਿ ਜੇਕਰ ਇੱਕ ਆਮ ਵਿਅਕਤੀ ਨਾਲ ਅਜਿਹੀ ਘਟਨਾ ਵਾਪਰਦੀ ਹੈ, ਤਾਂ ਉਸ ਨੂੰ ਇਨਸਾਫ਼ ਲਈ ਸੜਕ ’ਤੇ ਆਉਣਾ ਪੈਂਦਾ ਹੈ। ਜੇਕਰ ਮਾਮਲੇ ਵਿੱਚ ਕੋਈ ਸਿਆਸੀ ਅਹੁਦੇਦਾਰ ਸ਼ਾਮਲ ਹੋਵੇ, ਤਾਂ ਪੁਲਿਸ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਹੋਵੇ।
-ਬਾਕਸ-
-ਸੀਸੀਟੀਵੀ ਫੁਟੇਜ ਦੀ ਨਿਰਪੱਖ ਜਾਂਚ ਦੀ ਮੰਗ
ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵੱਲੋਂ ਇਹ ਕਹੇ ਜਾਣ ਕਿ ਉਨ੍ਹਾਂ ਨੇ ਸਿਰਫ਼ ਗੱਡੀ ਦੀ ਚਾਬੀ ਕੱਢੀ ਸੀ ਅਤੇ ਡਰਾਈਵਰ ਨੂੰ ਥੱਪੜ ਨਹੀਂ ਮਾਰਿਆ ਗਿਆ,ਇਸ ’ਤੇ ਚੀਮਾ ਨੇ ਕਿਹਾ ਕਿ ਜੇਕਰ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਮੌਜੂਦ ਹੈ, ਤਾਂ ਪੁਲਿਸ ਨੂੰ ਉਸ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫੁਟੇਜ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਅਸਲ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।ਚੀਮਾ ਨੇ ਕਿਹਾ ਕਿ ਮਾਮਲਾ ਸਿਰਫ਼ ਇੱਕ ਥੱਪੜ ਦਾ ਨਹੀਂ, ਸਗੋਂ ਕਾਨੂੰਨ ਦੇ ਰਾਜ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ “ਵਿਧਾਇਕਾ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਗਰੀਬ ਦੀ ਇੱਜ਼ਤ ਨਾਲ ਖੇਡਣ ਦਾ ਲਾਇਸੈਂਸ ਮਿਲ ਗਿਆ। ਸੱਤਾ ਕਿਸੇ ਨੂੰ ਵੀ ਕਾਨੂੰਨ ਤੋਂ ਉੱਪਰ ਨਹੀਂ ਕਰਦੀ’’।