- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
35 ਕਿਸਾਨਾਂ ਨੇ ਸਿਖਲਾਈ ਕੈਂਪ ਦਾ ਲਾਹਾ ਲਿਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਦੇ ਖੇਤੀ ਪਸਾਰ ਸਿੱਖਿਆ ਵਿਭਾਗ ਵੱਲੋਂ ‘ਕਿਸਾਨਾਂ ਦੇ ਪੀਏਯੂ ਨਾਲ ਸਬੰਧ ਮਜ਼ਬੂਤ ਕਰਨਾ’ ਵਿਸ਼ੇ ’ਤੇ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਹੁਨਰ ਵਿਕਾਸ ਪ੍ਰੋਗਰਾਮਾਂ, ਖੇਤੀਬਾੜੀ ਪਸਾਰ ਸੇਵਾਵਾਂ ਅਤੇ ਆਉਣ ਵਾਲੇ ਕਿਸਾਨ ਮੇਲੇ ਬਾਰੇ ਜਾਣਕਾਰੀ ਦੇਣਾ ਸੀ। ਇਹ ਕੈਂਪ ਬੀਐੱਸਸੀ. ਐਗਰੀਕਲਚਰ (ਆਨਰਜ਼) ਦੇ ਵਿਦਿਆਰਥੀਆਂ ਵੱਲੋਂ ਰਾਵੇ ਪ੍ਰੋਗਰਾਮ ਤਹਿਤ ਕਰਵਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਪੀਏਯੂ ਵੱਲੋਂ ਮੁਹੱਈਆ ਕਰਵਾਏ ਜਾਂਦੇ ਵੱਖ-ਵੱਖ ਹੁਨਰ ਵਿਕਾਸ ਤੇ ਕਿੱਤਾਮੁਖੀ ਸਿਖਲਾਈ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦੀਆਂ ਵਿਹਾਰਕ ਵਰਤੋਂ ਤੇ ਆਮਦਨ ਪੈਦਾ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ। ਪੰਜਾਬ ਐਗਰੀਬਿਜ਼ਨਸ ਇਨਕਿਊਬੇਟਰ ਬਾਰੇ ਖੇਤੀਬਾੜੀ ਤੇ ਸਹਾਇਕ ਖੇਤਰਾਂ ਵਿੱਚ ਨਵੀਆਂ ਤਕਨੀਕਾਂ ਅਤੇ ਕਾਰੋਬਾਰੀ ਵਿਚਾਰਾਂ ਨੂੰ ਵਿਕਸਤ ਕਰਕੇ ਉੱਦਮ ਵਜੋਂ ਅੱਗੇ ਵਧਾਉਣ ਦੇ ਮੌਕਿਆਂ ਬਾਰੇ ਦੱਸਿਆ ਗਿਆ। ਸਮਾਪਤੀ ਸੈਸ਼ਨ ਦੌਰਾਨ ਡਾ. ਲਖਵਿੰਦਰ ਕੌਰ ਨੇ ਪੀਏਯੂ ਵੱਲੋਂ ਪ੍ਰਕਾਸ਼ਿਤ ਖੇਤੀਬਾੜੀ ਰਸਾਲਿਆਂ , ਪੀਏਯੂ ਕਿਸਾਨ ਐਪ ਅਤੇ ਪੀਏਯੂ ਫੇਸਬੁੱਕ ਲਾਈਵ ਪ੍ਰੋਗਰਾਮ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਸਰੋਤਾਂ ਨਾਲ ਜੁੜਨ ਤੇ ਨਵੀਨਤਮ ਖੇਤੀਬਾੜੀ ਜਾਣਕਾਰੀ ਨਿਯਮਤ ਤੌਰ ’ਤੇ ਪ੍ਰਾਪਤ ਕਰਨ ਲਈ ਪ੍ਰਕਾਸ਼ਨਾਂ ਦੀ ਮੈਂਬਰਸ਼ਿਪ ਲੈਣ ਦੀ ਪ੍ਰਕਿਰਿਆ ਬਾਰੇ ਵੀ ਦੱਸਿਆ। ਕੈਂਪ ਵਿਚ ਕੁੱਲ 35 ਕਿਸਾਨਾਂ ਨੇ ਹਿੱਸਾ ਲਿਆ। ਭਾਗ ਲੈਣ ਵਾਲੇ ਕਿਸਾਨਾਂ ਨੂੰ ਸਬਜ਼ੀਆਂ ਦੀਆਂ ਕਿੱਟਾਂ ਅਤੇ ਪੀਏਯੂ ਵੱਲੋਂ ਪ੍ਰਕਾਸ਼ਿਤ ਲਾਹੇਵੰਦ ਖੇਤੀਬਾੜੀ ਸਾਹਿਤ ਵੀ ਵੰਡਿਆ। ਇਸ ਮੌਕੇ ਡਾ. ਵਿਪਨ ਰਾਮਪਾਲ, ਮੁਖੀ, ਖੇਤੀ ਪਸਾਰ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਵੱਲੋਂ ਜ਼ਮੀਨੀ ਪੱਧਰ ’ਤੇ ਕਿਸਾਨਾਂ ਨਾਲ ਕੀਤੀ ਗਈ ਸਰਗਰਮ ਸ਼ਮੂਲੀਅਤ ਅਤੇ ਵਿੱਦਿਅਕ ਸਸ਼ਕਤੀਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਡਾ. ਸੀਐੱਸ. ਔਲਖ, ਡੀਨ, ਕਾਲਜ ਆਫ਼ ਐਗਰੀਕਲਚਰ ਨੇ ਵੀ ਵਿਦਿਆਰਥੀਆਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪੇਂਡੂ ਨੌਜਵਾਨਾਂ ਅਤੇ ਖੇਤੀਬਾੜੀ ਸਿੱਖਿਆ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਪ੍ਰੇਰਕ ਦੀ ਭੂਮਿਕਾ ਨਿਭਾ ਰਹੇ ਹਨ। ਅੰਤ ’ਚ ਵਿਦਿਆਰਥੀਆਂ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕਰਨ ਨਾਲ ਸਿਖਲਾਈ ਕੈਂਪ ਸਮਾਪਤ ਹੋਇਆ।