- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਕਾਲਜ ’ਚ ਇੰਟਰਐਕਟਿਵ ਸੈਸ਼ਨ-ਕਮ-ਫਰੈਸ਼ਰ ਪਾਰਟੀ ਕਰਵਾਈ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵੱਲੋਂ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਇੰਟਰਐਕਟਿਵ ਸੈਸ਼ਨ-ਕਮ-ਫਰੈਸ਼ਰ ਪਾਰਟੀ ਉਤਸ਼ਾਹ ਨਾਲ ਕਰਵਾਈ ਗਈ। ਇਹ ਸਮਾਗਮ ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ, ਜਿਸ ਵਿੱਚ ਬੀਐੱਸਸੀ. (ਆਨਰਜ਼) ਐਗਰੀਕਲਚਰ ਦੇ ਚਾਰ ਸਾਲਾ ਅਤੇ ਛੇ ਸਾਲਾ ਪ੍ਰੋਗਰਾਮਾਂ, ਬੀਟੈਕ. ਬਾਇਓਟੈਕਨਾਲੋਜੀ ਅਤੇ ਬੀਟੈਕ. ਫੂਡ ਟੈਕਨਾਲੋਜੀ ਵਿੱਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਅਕਾਦਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਪਰਸਨ ਡਾ. ਸੋਮਪਾਲ ਸਿੰਘ, ਕਾਲਜ ਐਂਟੀ-ਰੈਗਿੰਗ ਫਲਾਇੰਗ ਸਕੁਐਡ ਦੇ ਚੇਅਰਪਰਸਨ ਡਾ. ਐੱਸਐੱਸ. ਸੰਧੂ ਸਮੇਤ ਪਹਿਲੇ ਅਤੇ ਦੂਜੇ ਸਾਲ ਦੇ ਕਲਾਸ ਇੰਚਾਰਜ ਅਤੇ ਸਲਾਹਕਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਡਾਂਸ, ਡਰਾਮਾ ਤੇ ਮਿਊਜ਼ਿਕ ਕਲੱਬ, ਕਾਲਜ ਆਫ਼ ਐਗਰੀਕਲਚਰ ਦੇ ਪ੍ਰਧਾਨ ਡਾ. ਕੇਐੱਸ. ਸੰਘਾ ਵੱਲੋਂ ਨਿੱਘੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਸਮਾਗਮ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਆਪਣੇ ਸੀਨੀਅਰਾਂ ਤੇ ਅਧਿਆਪਕਾਂ ਨਾਲ ਖੁਸ਼ਗਵਾਰ ਅਤੇ ਦੋਸਤਾਨਾ ਮਾਹੌਲ ਵਿੱਚ ਜਾਣ-ਪਛਾਣ ਕਰਵਾਉਣਾ ਅਤੇ ਕਾਲਜ ਵਿੱਚ ਆਪਸੀ ਸਾਂਝ, ਭਾਈਚਾਰਕ ਭਾਵਨਾ ਅਤੇ ਅਪਣੱਤ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ਡਾ. ਚਰਨਜੀਤ ਸਿੰਘ ਔਲਖ ਨੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਵੱਕਾਰੀ ਸੰਸਥਾ ਵਿੱਚ ਦਾਖ਼ਲਾ ਹਾਸਲ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਸੀ ਰਿਸ਼ਤੇ ਮਜ਼ਬੂਤ ਕਰਨ, ਵਿਦਿਆਰਥੀ-ਅਧਿਆਪਕ ਸੰਵਾਦ ਨੂੰ ਬਿਹਤਰ ਬਣਾਉਣ ਅਤੇ ਕੈਂਪਸ ਵਿੱਚ ਸਕਾਰਾਤਮਕ ਤੇ ਸਮਾਵੇਸ਼ੀ ਮਾਹੌਲ ਸਿਰਜਣ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ। ਡਾ. ਔਲਖ ਨੇ ਵਿਦਿਆਰਥੀਆਂ ਵੱਲੋਂ ਕਾਲਜ ’ਚ ਸਿਹਤਮੰਦ ਤੇ ਸੁਖਾਵਾਂ ਮਾਹੌਲ ਕਾਇਮ ਰੱਖਣ ਤੇ ਕੈਂਪਸ ਨੂੰ ਰੈਗਿੰਗ ਤੋਂ ਮੁਕਤ ਰੱਖਣ ਲਈ ਜਾਰੀ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਫਲ ਪ੍ਰੋਗਰਾਮ ਲਈ ਵਧਾਈ ਦਿੱਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਮਨੋਰੰਜਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਗਾਇਕੀ, ਨਾਚ, ਕਵਿਤਾ ਅਤੇ ਭੰਡ ਸਮੇਤ ਵੱਖ-ਵੱਖ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਰੰਗ ਭਰ ਦਿੱਤੇ। ਨਵੇਂ ਵਿਦਿਆਰਥੀਆਂ ਨੇ ਆਪਣੀ ਕਲਾ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
-ਬਾਕਸ-
-ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਿਹਾ ਫਰੈਸ਼ਰ ਇੰਟਰੋਡਕਸ਼ਨ ਤੇ ਟੈਲੇਂਟ-ਹੰਟ ਰਾਊਂਡ
ਫਰੈਸ਼ਰ ਇੰਟਰੋਡਕਸ਼ਨ ਅਤੇ ਟੈਲੇਂਟ-ਹੰਟ ਰਾਊਂਡ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਿਹਾ। ਇਸ ਦੌਰਾਨ ਨਵੇਂ ਵਿਦਿਆਰਥੀਆਂ ਨੂੰ ਆਪਣੀ ਸ਼ਖ਼ਸੀਅਤ, ਸੰਚਾਰ ਹੁਨਰ ਅਤੇ ਵਿਅਕਤੀਗਤ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਬੀਐੱਸਸੀ. (ਆਨਰਜ਼) ਐਗਰੀਕਲਚਰ ਵਿੱਚ ਮਿਸ ਐਸ਼ਪ੍ਰੀਤ ਕੌਰ ਨੂੰ ਮਿਸ ਫਰੈਸ਼ਰ ਅਤੇ ਸਾਹਿਬਦੀਪ ਸਿੰਘ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ। ਬੀਟੈਕ. ਬਾਇਓਟੈਕਨਾਲੋਜੀ ਵਿੱਚ ਮਿਸ ਨਵਨੀਤ ਕੌਰ ਢਿੱਲੋਂ ਅਤੇ ਕੁਲਰਾਜ ਸਿੰਘ ਢਿੱਲੋਂ ਨੇ ਕ੍ਰਮਵਾਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਖ਼ਿਤਾਬ ਜਿੱਤਿਆ। ਇਸੇ ਤਰ੍ਹਾਂ ਬੀਟੈਕ. ਫੂਡ ਟੈਕਨਾਲੋਜੀ ਵਿੱਚ ਮਿਸ ਨਵਨੂਰ ਕੌਰ ਭੰਗੂ ਅਤੇ ਕੰਵਰ ਉਦੈ ਸਿੰਘ ਨੂੰ ਕ੍ਰਮਵਾਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਚੁਣਿਆ ਗਿਆ। ਜੇਤੂਆਂ ਦੀ ਚੋਣ ਲਈ ਜੱਜਾਂ ਦੇ ਪੈਨਲ ਵਿੱਚ ਡਾ. ਜਗਬੀਰ ਕੌਰ ਰਿਹਾਲ, ਡਾ. ਬੂਟਾ ਸਿੰਘ ਢਿੱਲੋਂ ਤੇ ਡਾ. ਪੁਸ਼ਪਿੰਦਰ ਕੌਰ ਸ਼ਾਮਲ ਸਨ। ਸਮਾਗਮ ਦੇ ਅੰਤ ਵਿੱਚ ਬੀਐੱਸਸੀ. (ਆਨਰਜ਼) ਐਗਰੀਕਲਚਰ ਛੇ ਸਾਲਾ ਪ੍ਰੋਗਰਾਮ ਦੀ ਦੂਜੇ ਸਾਲ ਦੀ ਕਲਾਸ ਇੰਚਾਰਜ ਡਾ. ਸਰਬਜੋਤ ਕੌਰ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।