- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਗ੍ਰਾਂਟਾਂ ਤੇ ਸਬਸਿਡੀਆਂ ਦਾ ਲਾਭ ਲੈਣ ਲਈ ਐੱਮਐੱਸਐੱਮਈਜ਼ ਨੂੰ ਜਾਗਰੂਕ ਹੋਣਾ ਜ਼ਰੂਰੀ-ਆਹੂਜਾ

2
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਫੋਕਲ ਪੁਆਇੰਟ ਦੇ ਫੇਜ਼-5 ਸਥਿਤ ਸੀਆਈਸੀਯੂ ਕੰਪਲੈਕਸ ’ਚ ‘ਐੱਮਐੱਸਐੱਮਈ, ਗ੍ਰਾਂਟਸ ਐਂਡ ਸਬਸਿਡੀਜ਼ ਤੇ ਟ੍ਰੇਡਮਾਰਕ’ ਵਿਸ਼ੇ ’ਤੇ ਉਦਯੋਗ ਕੇਂਦਰਿਤ ਗਿਆਨ ਸੈਮੀਨਾਰ ਕਰਵਾਇਆ। ਇਸ ਦਾ ਉਦੇਸ਼ ਸਨਅਤਕਾਰਾਂ ਤੇ ਐੱਮਐੱਸਐੱਮਈ ਸੰਚਾਲਕਾਂ ਨੂੰ ਸਰਕਾਰੀ ਸਹਾਇਤਾ ਸਕੀਮਾਂ, ਵੱਖ-ਵੱਖ ਪ੍ਰੋਤਸਾਹਨਾਂ ਤੇ ਬੌਧਿਕ ਸੰਪਤੀ ਦੀ ਸੁਰੱਖਿਆ ਸਬੰਧੀ ਵਿਹਾਰਕ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਸੈਮੀਨਾਰ ਦੌਰਾਨ ਐੱਮਐੱਸਐੱਮਈ, ਸਰਕਾਰੀ ਗ੍ਰਾਂਟਾਂ ਤੇ ਸਬਸਿਡੀਆਂ ਅਤੇ ਟ੍ਰੇਡਮਾਰਕ ਨਾਲ ਸਬੰਧਤ ਤਿੰਨ ਵੱਖ-ਵੱਖ ਸੈਸ਼ਨ ਕਰਵਾਏ। ਮਾਹਿਰਾਂ ਨੇ ਉਦਯੋਗਾਂ ਲਈ ਉਪਲੱਬਧ ਸਰਕਾਰੀ ਮੌਕਿਆਂ ਤੇ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਸਹੀ ਦਸਤਾਵੇਜ਼ੀਕਰਨ ਤੇ ਨਿਯਮਾਂ ਦੀ ਸਮਝ ਦੀ ਮਹੱਤਤਾ ਬਾਰੇ ਦੱਸਿਆ। ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਸਿਰਫ਼ ਯੋਗਤਾ ਹੀ ਕਾਫ਼ੀ ਨਹੀਂ, ਸਗੋਂ ਸਹੀ ਪ੍ਰਕਿਰਿਆ ਤੇ ਦਸਤਾਵੇਜ਼ ਪੂਰੇ ਕਰਨਾ ਵੀ ਜ਼ਰੂਰੀ ਹੈ।
ਟ੍ਰੇਡਮਾਰਕ ਮਾਹਿਰ ਆਰੂਸ਼ੀ ਮਹਾਜਨ ਨੇ ਉਦਯੋਗਪਤੀਆਂ ਨੂੰ ਬ੍ਰਾਂਡ ਦੀ ਰਜਿਸਟ੍ਰੇਸ਼ਨ ਅਤੇ ਸੁਰੱਖਿਆ ਨਾਲ ਜੁੜੇ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਲੁਧਿਆਣਾ ਦੇ ਐੱਮਐੱਸਐੱਮਈਜ਼ ਵੱਲੋਂ ਦੇਸ਼ ਦੇ ਨਾਲ-ਨਾਲ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਪਣੇ ਬ੍ਰਾਂਡ ਅਤੇ ਬੌਧਿਕ ਸੰਪਤੀ ਦੀ ਸੁਰੱਖਿਆ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਐੱਮਐੱਸਐੱਮਈ ਮਾਹਿਰ ਅਦਿਤੀ ਸ਼ਰਮਾ ਨੇ ਐੱਮਐੱਸਐੱਮਈ ਨਾਲ ਸਬੰਧਤ ਸਰਕਾਰੀ ਸਹੂਲਤਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਗ੍ਰਾਂਟਸ ਤੇ ਸਬਸਿਡੀਜ਼ ਸਬੰਧੀ ਸੈਸ਼ਨਾਂ ’ਚ ਈਸ਼ਾਨ ਮਹਾਜਨ ਤੇ ਆਦਿਤਿਆ ਮਲਹੋਤਰਾ ਨੇ ਉਦਯੋਗਾਂ ਨੂੰ ਉਪਲੱਬਧ ਵਿੱਤੀ ਮਦਦ ਤੇ ਪ੍ਰੋਤਸਾਹਨ ਸਕੀਮਾਂ ਸਬੰਧੀ ਦੱਸਿਆ।
ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਐੱਮਐੱਸਐੱਮਈ ਲਈ ਸਰਕਾਰੀ ਸਕੀਮਾਂ ਤੇ ਪ੍ਰੋਤਸਾਹਨਾਂ ਦੀ ਜਾਣਕਾਰੀ ਸਿਰਫ਼ ਇੱਕ ਵਾਧੂ ਸਹੂਲਤ ਨਹੀਂ, ਬਲਕਿ ਕਾਰੋਬਾਰੀ ਫਾਇਦਾ ਹੈ। ਸੀਆਈਸੀਯੂ ਵੱਲੋਂ ਉਦਯੋਗਿਕ ਭਾਈਚਾਰੇ ਤੱਕ ਵਿਹਾਰਕ ਤੇ ਭਰੋਸੇਯੋਗ ਜਾਣਕਾਰੀ ਪਹੁੰਚਾਉਣ ਲਈ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਸਨਅਤਕਾਰ ਸਰਕਾਰੀ ਸਹਾਇਤਾ ਦਾ ਬਿਹਤਰ ਲਾਭ ਲੈਣ, ਆਪਣੇ ਬ੍ਰਾਂਡਾਂ ਦੀ ਸੁਰੱਖਿਆ ਕਰਨ ਅਤੇ ਘਰੇਲੂ ਤੇ ਕੌਮਾਂਤਰੀ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਵਧਾ ਸਕਣ। ਕਈ ਐੱਮਐੱਸਐੱਮਈ ਵੱਖ-ਵੱਖ ਸਰਕਾਰੀ ਲਾਭਾਂ ਲਈ ਯੋਗ ਹੋਣ ਦੇ ਬਾਵਜੂਦ ਜਾਣਕਾਰੀ ਦੀ ਘਾਟ, ਅਧੂਰੇ ਦਸਤਾਵੇਜ਼ ਜਾਂ ਪ੍ਰਕਿਰਿਆ ਦੀ ਪੂਰੀ ਸਮਝ ਨਾ ਹੋਣ ਕਾਰਨ ਇਨ੍ਹਾਂ ਦਾ ਲਾਭ ਨਹੀਂ ਲੈ ਸਕਦੇ। ਅਜਿਹੇ ਸੈਮੀਨਾਰ ਸਨਅਤਕਾਰਾਂ ਤੇ ਸਰਕਾਰੀ ਯੋਜਨਾਵਾਂ ਵਿਚਕਾਰ ਇਸ ਪਾੜੇ ਨੂੰ ਘਟਾਉਣ ’ਚ ਸਹਾਇਕ ਹੋ ਸਕਦੇ ਹਨ। ਸੈਮੀਨਾਰ ਦੇ ਅੰਤ ’ਚ ਸਨਅਤਕਾਰਾਂ ਨੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਕੀਤੀ ਤੇ ਆਪਣੇ ਕਾਰੋਬਾਰ ਨਾਲ ਸਬੰਧਤ ਸਵਾਲਾਂ ਦੇ ਵਿਹਾਰਕ ਹੱਲ ਜਾਣੇ। ਸੀਆਈਸੀਯੂ ਅਧਿਕਾਰੀਆਂ ਨੇ ਕਿਹਾ ਕਿ ਚੈਂਬਰ ਵੱਲੋਂ ਅੱਗੇ ਵੀ ਸਰਕਾਰੀ ਯੋਜਨਾਵਾਂ, ਵਿੱਤ, ਟੈਕਸੇਸ਼ਨ, ਨਿਰਯਾਤ, ਤਕਨਾਲੋਜੀ ਅਤੇ ਕੰਪਲਾਇੰਸ ਸਮੇਤ ਉਦਯੋਗ ਨਾਲ ਸਿੱਧੇ ਤੌਰ ’ਤੇ ਜੁੜੇ ਵਿਸ਼ਿਆਂ ’ਤੇ ਗਿਆਨ ਸੈਸ਼ਨ ਕਰਵਾਏ ਜਾਣਗੇ।