- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਮ ਸਿੰਘ ਗੋਰਾਇਆ ਦੀ ਪੁਸਤਕ ‘ਰਾਵੀ ਮੇਰੇ ਆਰ ਪਾਰ’ ਲੋਕ ਅਰਪਣ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਮੰਗਲਵਾਰ ਨੂੰ ਸਾਹਿਤ ਦੇ ਖੇਤਰ ਨਾਲ ਜੁੜੀਆਂ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਅਮਰੀਕਾ ਵਾਸੀ ਧਰਮ ਸਿੰਘ ਗੋਰਾਇਆ ਦੀ ਨਵੀਂ ਵਾਰਤਕ ਪੁਸਤਕ ‘ਰਾਵੀ ਮੇਰੇ ਆਰ ਪਾਰ’ ਲੋਕ ਅਰਪਣ ਕੀਤੀ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਵੀ ਦੇ ਮੂਲ ਸੋਮੇ ਤੋਂ ਦਰਿਆ ਝਨਾਂ ਤੇ ਅੱਗੇ ਸਿੰਧ ਦਰਿਆ ਵਿੱਚ ਪੈ ਕੇ ਸਾਗਰ ਤੱਕ ਦੀ ਸੰਪੂਰਨ ਵਾਰਤਾ ਇਸ ਕਿਤਾਬ ਵਿੱਚ ਸ਼ਾਮਲ ਹੈ।
ਪ੍ਰੋ. ਗਿੱਲ ਨੇ ਕਿਹਾ ਕਿ ਰਾਵੀ ਦਰਿਆ ਦੇ ਦੋਹੀਂ ਪਾਸੀਂ ਵੱਸਦੇ ਸੂਰਬੀਰਾਂ, ਲਿਖਾਰੀਆਂ, ਖਿਡਾਰੀਆਂ ਅਤੇ ਦੇਸ਼ ਭਗਤਾਂ ਦੇ ਗੋਰਾਇਆ ਵੱਲੋਂ ਲਿਖੇ ਜੀਵੰਤ ਵੇਰਵੇ ਸਾਨੂੰ ਬਹੁਤ ਕੁੱਝ ਸਮਝਾਉਂਦੇ ਹਨ। ਰਾਵੀ ਕੰਢੇ ਕਰਤਾਰਪੁਰ ਸਾਹਿਬ ਵਿੱਚ ਗੁਰੂ ਨਾਨਕ ਪਾਤਿਸ਼ਾਹ ਵੱਲੋਂ ਕਿਰਤ ਦੀ ਵਿਹਾਰਕ ਸਿੱਖਿਆ, ਨਾਮ ਜਪਣ ਦੇ ਨਾਲ ਨਾਲ ਵੰਡ ਛਕਣ ਦੀ ਮਰਯਾਦਾ ਵੀ ਇਸ ਕਿਤਾਬ ਵਿੱਚੋਂ ਜਾਣ ਸਕਦੇ ਹਾਂ।
ਇਸ ਪੁਸਤਕ ਬਾਰੇ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਸ ਕਿਤਾਬ ਤੋਂ ਪਹਿਲਾਂ ਵੀ ਗੋਰਾਇਆ ਕਈ ਕਿਤਾਬਾਂ ਲਿਖ ਚੁੱਕੇ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਇਤਿਹਾਸਕ ਪ੍ਰਸੰਗ ਵਾਲੀ ਸਿਰਜਣਾਤਮਕ ਵਾਰਤਕ ਲਿਖਣ ਵਿੱਚ ਗੋਰਾਇਆ ਨੇ ਨਿਵੇਕਲੀ ਮੁਹਾਰਤ ਹਾਸਲ ਕੀਤੀ ਹੈ। ਵਿਦਿਆਰਥੀ ਕਾਲ ’ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁਨ ਰਰੇ ਹੋਣ ਕਾਰਨ ਉਨ੍ਹਾਂ ਕੋਲ ਸਮਾਜ ਨੂੰ ਸਮਝਣ ਵਾਲਾ ਸੁਚੇਤ ਤੀਸਰਾ ਨੇਤਰ ਹੈ ਜੋ ਹਮੇਸ਼ਾਂ ਜਾਗਦਾ ਹੈ। ਇਸੇ ਕਰਕੇ ਹੀ ਉਹ ਖਰੇ ਖੋਟੇ ਤੱਥਾਂ ਦੀ ਨਿਰਖ ਪਰਖ ਕਰਨ ਵਿੱਚ ਸਫਲ ਹੈ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਧਰਨ ਸਿੰਘ ਗੋਰਾਇਆ ਪੰਜ ਦਰਿਆਵਾਂ ਦੇ ਪੁੱਤਰਾਂ ਦੀ ਗਾਥਾ ਕਹਿੰਦਾ ਕਹਿੰਦਾ ਹੁਣ ਰਾਵੀ ਦੀ ਜੂਹ ਨੂੰ ਅੰਦਰੋਂ ਬਾਹਰੋਂ ਫੋਲ ਕੇ ਮੁੱਲਵਾਨ ਕਿਰਤ ਲਿਖ ਸਕਿਆ ਹੈ। ਧੰਨਵਾਦ ਦੇ ਸ਼ਬਦ ਬੋਲਦਿਆਂ ਪੁਸਤਕ ਦੇ ਲੇਖਕ ਧਰਮ ਸਿੰਘ ਗੋਰਾਇਆ ਨੇ ਕਿਹਾ ਕਿ ਇਹ ਕਿਤਾਬ ਲਿਖ ਕੇ ਉਨ੍ਹਾਂ ਰਾਵੀ ਦਰਿਆ ਅਤੇ ਇਸ ਦੇ ਚੌਗਿਰਦੇ ਤੋਂ ਰਿਣ ਮੁਕਤ ਹੋਣ ਦੀ ਕੋਸ਼ਿਸ਼ ਕੀਤੀ ਹੈ।