- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖੋਈ ਤੱਕ ਪਹੁੰਚੀ ਸਨਅਤੀ ਸ਼ਹਿਰ ਲੁਧਿਆਣਾ ਦੀ ਕਾਰੀਗਰੀ!

-ਐੱਚਏਐੱਲ ਲਈ ਸੀਟੀਆਰ ਨੇ ਤਿਆਰ ਕੀਤੇ ਸਵਦੇਸ਼ੀ ਜਿਗਸ-ਫਿਕਸਚਰ
ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ
ਸਾਈਕਲ ਤੇ ਆਟੋ ਪਾਰਟਸ ਨਿਰਮਾਣ ਲਈ ਦੇਸ਼-ਵਿਦੇਸ਼ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਲੁਧਿਆਣਾ ਦੀ ਉਦਯੋਗਿਕ ਸਮਰੱਥਾ ਹੁਣ ਹਾਈ-ਪ੍ਰਿਸੀਜ਼ਨ ਏਅਰੋਸਪੇਸ ਟੂਲਿੰਗ ਦੇ ਖੇਤਰ ਵਿੱਚ ਵੀ ਸਾਹਮਣੇ ਆਈ ਹੈ। ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਦੀ ਸਾਲਾਨਾ ਰਿਪੋਰਟ 2025-26 ਵਿੱਚ ਦਰਜ ਜਾਣਕਾਰੀ ਅਨੁਸਾਰ ਸੈਂਟਰਲ ਟੂਲ ਰੂਮ (ਸੀਟੀਆਰ), ਲੁਧਿਆਣਾ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਲਈ ਸੁਖੋਈ ਜਹਾਜ਼ ਦੇ ਕੰਪੋਨੈਂਟਸ ਨਾਲ ਸਬੰਧਤ ਜਿਗਸ ਤੇ ਫਿਕਸਚਰ ਸਵਦੇਸ਼ੀ ਤੌਰ ’ਤੇ ਵਿਕਸਿਤ ਕੀਤੇ ਹਨ। ਸਰਕਾਰੀ ਰਿਪੋਰਟ ਵਿੱਚ ਇਸ ਨੂੰ ਏਅਰੋਸਪੇਸ ਸਵਦੇਸ਼ੀਕਰਨ ਨੂੰ ਮਜ਼ਬੂਤ ਕਰਨ ਵਾਲੀ ਉਪਲੱਬਧੀ ਵਜੋਂ ਦਰਜ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਲੁਧਿਆਣਾ ਦੀ ਤਕਨੀਕੀ ਸਮਰੱਥਾ ਦੀ ਵਰਤੋਂ ਅਜਿਹੇ ਟੂਲਿੰਗ ਹੱਲ ਵਿਕਸਿਤ ਕਰਨ ਲਈ ਹੋਈ ਹੈ, ਜੋ ਸੁਖੋਈ ਜਹਾਜ਼ ਦੇ ਕੰਪੋਨੈਂਟਸ ਨਾਲ ਜੁੜੇ ਨਿਰਮਾਣ ਕਾਰਜਾਂ ਵਿੱਚ ਲਾਭਦਾਇਕ ਹਨ।
-ਬਾਕਸ-
-ਸਰਕਾਰੀ ਰਿਪੋਰਟ ’ਚ ਦਰਜ ਹੈ ਲੁਧਿਆਣਾ ਦਾ ਨਾਮ
ਇਸ ਖ਼ਬਰ ਦੀ ਖ਼ਾਸ ਗੱਲ ਇਹ ਹੈ ਕਿ ਸੁਖੋਈ ਨਾਲ ਜੁੜੀ ਇਹ ਜਾਣਕਾਰੀ ਕਿਸੇ ਨਿੱਜੀ ਸੰਸਥਾ ਜਾਂ ਗੈਰ-ਰਸਮੀ ਦਾਅਵੇ ’ਤੇ ਆਧਾਰਿਤ ਨਹੀਂ ਹੈ। ਇਸ ਦਾ ਆਧਾਰ ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਦੀ ਸਾਲਾਨਾ ਰਿਪੋਰਟ ਹੈ। ਰਿਪੋਰਟ ਦੇ “ਐੱਚਏਐੱਲ ਲਈ ਏਅਰੋਸਪੇਸ ਕੰਪੋਨੈਂਟ ਨਿਰਮਾਣ” ਵਾਲੇ ਹਿੱਸੇ ’ਚ ਸੈਂਟਰਲ ਟੂਲ ਰੂਮ, ਲੁਧਿਆਣਾ ਵੱਲੋਂ ਸੁਖੋਈ ਜਹਾਜ਼ ਦੇ ਕੰਪੋਨੈਂਟਸ ਲਈ ਜਿਗਸ ਤੇ ਫਿਕਸਚਰ ਵਿਕਸਿਤ ਕੀਤੇ ਜਾਣ ਦਾ ਸਪੱਸ਼ਟ ਜ਼ਿਕਰ ਕੀਤਾ ਹੈ।
-ਬਾਕਸ-
-ਇਸ ਦਾ ਕੀ ਮਤਲਬ ਹੈ?
ਜਿਗਸ ਤੇ ਫਿਕਸਚਰ ਖਾਸ ਕਿਸਮ ਦੇ ਇੰਡਸਟਰੀਅਲ ਟੂਲਿੰਗ ਉਪਕਰਨ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਕਿਸੇ ਕੰਪੋਨੈਂਟ ਨੂੰ ਸਹੀ ਸਥਿਤੀ ਵਿੱਚ ਪਕੜ ਕੇ ਰੱਖਣ, ਉਸ ਦੀ ਪੋਜ਼ੀਸ਼ਨ ਕਾਇਮ ਰੱਖਣ ਤੇ ਮਸ਼ੀਨਿੰਗ ਜਾਂ ਅਸੈਂਬਲੀ ਦੌਰਾਨ ਲੋੜੀਂਦੀ ਸਟੀਕਤਾ ਹਾਸਲ ਕਰਨ ਲਈ ਕੀਤੀ ਜਾਂਦੀ ਹੈ। ਏਅਰੋਸਪੇਸ ਖੇਤਰ ਵਿੱਚ, ਜਿੱਥੇ ਕੰਪੋਨੈਂਟ ਦੀ ਸਟੀਕਤਾ ਅਤੇ ਉਤਪਾਦਨ ਦੀ ਇਕਸਾਰਤਾ ਬਹੁਤ ਮਹੱਤਵਪੂਰਨ ਹੁੰਦੀ ਹੈ, ਉੱਥੇ ਅਜਿਹੀ ਟੂਲਿੰਗ ਸਮਰੱਥਾ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਇਸ ਪੱਖੋਂ ਸਰਕਾਰੀ ਰਿਪੋਰਟ ’ਚ ਸੀਟੀਆਰ ਲੁਧਿਆਣਾ ਦਾ ਨਾਮ ਆਉਣਾ ਸ਼ਹਿਰ ਦੇ ਪ੍ਰਿਸੀਜ਼ਨ ਇੰਜੀਨੀਅਰਿੰਗ ਅਤੇ ਹਾਈ-ਟੈਕ ਮੈਨੂਫੈਕਚਰਿੰਗ ਈਕੋਸਿਸਟਮ ਲਈ ਮਹੱਤਵਪੂਰਨ ਸੰਕੇਤ ਹੈ।
-ਬਾਕਸ-
-ਕੀ ਕਰਦੈ ਸੈਂਟਰਲ ਟੂਲ ਰੂਮ ਲੁਧਿਆਣਾ?
ਸੈਂਟਰਲ ਟੂਲ ਰੂਮ, ਲੁਧਿਆਣਾ ਐੱਮਐੱਸਐੱਮਈ ਮੰਤਰਾਲੇ ਦੇ ਟੈਕਨੋਲੋਜੀ ਸੈਂਟਰ ਨੈੱਟਵਰਕ ਦਾ ਹਿੱਸਾ ਹੈ ਅਤੇ ਫੋਕਲ ਪੁਆਇੰਟ, ਲੁਧਿਆਣਾ ਵਿੱਚ ਸਥਿਤ ਹੈ। ਟੂਲ ਰੂਮ ਦੀਆਂ ਗਤੀਵਿਧੀਆਂ ਵਿੱਚ ਪ੍ਰਿਸੀਜ਼ਨ ਟੂਲਿੰਗ, ਜਿਗਸ-ਫਿਕਸਚਰ, ਮਸ਼ੀਨਿੰਗ ਅਤੇ ਹੋਰ ਤਕਨੀਕੀ ਤੇ ਟ੍ਰੇਨਿੰਗ ਸਰਗਰਮੀਆਂ ਸ਼ਾਮਲ ਹਨ। ਅਜਿਹੇ ਟੈਕਨੋਲੋਜੀ ਸੈਂਟਰ ਦੇਸ਼ ਦੇ ਐਮਐਸਐਮਈ ਖੇਤਰ ਨੂੰ ਆਧੁਨਿਕ ਮਸ਼ੀਨਿੰਗ ਤੇ ਤਕਨੀਕੀ ਹੁਨਰ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
-ਬਾਕਸ-
-ਲੁਧਿਆਣਾ ਦੀ ਸਨਅਤ ਲਈ ਖੁੱਲ੍ਹ ਰਿਹਾ ਨਵਾਂ ਰਾਹ
ਸੁਖੋਈ ਨਾਲ ਜੁੜੇ ਇਸ ਸਰਕਾਰੀ ਰਿਕਾਰਡ ਤੋਂ ਲੁਧਿਆਣਾ ਦੇ ਇੰਜੀਨੀਅਰਿੰਗ ਉਦਯੋਗ ਲਈ ਇੱਕ ਵੱਡਾ ਉਦਯੋਗਿਕ ਸਵਾਲ ਵੀ ਸਾਹਮਣੇ ਆਉਂਦਾ ਹੈ, ਕੀ ਸ਼ਹਿਰ ਦੀਆਂ ਨਿੱਜੀ ਪ੍ਰਿਸੀਜ਼ਨ ਇੰਜੀਨੀਅਰਿੰਗ ਇਕਾਈਆਂ ਨੂੰ ਭਵਿੱਖ ’ਚ ਰੱਖਿਆ ਤੇ ਏਅਰੋਸਪੇਸ ਸਪਲਾਈ ਚੇਨ ਨਾਲ ਵੱਡੇ ਪੱਧਰ ’ਤੇ ਜੋੜਿਆ ਜਾ ਸਕਦਾ ਹੈ? ਲੁਧਿਆਣਾ ਵਿੱਚ ਪਹਿਲਾਂ ਹੀ ਫੋਰਜਿੰਗ, ਮਸ਼ੀਨਿੰਗ, ਆਟੋ ਪਾਰਟਸ ਤੇ ਇੰਜੀਨੀਅਰਿੰਗ ਖੇਤਰ ਦਾ ਮਜ਼ਬੂਤ ਆਧਾਰ ਮੌਜੂਦ ਹੈ। ਜੇਕਰ ਇਸ ਮੌਜੂਦਾ ਉਦਯੋਗਿਕ ਸਮਰੱਥਾ ਨੂੰ ਆਧੁਨਿਕ ਟੂਲਿੰਗ, ਪ੍ਰਿਸੀਜ਼ਨ ਮਸ਼ੀਨਿੰਗ ਤੇ ਸਰਕਾਰੀ ਟੈਕਨੋਲੋਜੀ ਸੈਂਟਰਾਂ ਦੀ ਮਾਹਿਰਤਾ ਨਾਲ ਜੋੜਿਆ ਜਾਂਦਾ ਹੈ ਤਾਂ ਸ਼ਹਿਰ ਦੇ ਉਦਯੋਗਾਂ ਲਈ ਡਿਫੈਂਸ ਅਤੇ ਏਅਰੋਸਪੇਸ ਮੈਨਿਊਫੈਕਚਰਿੰਗ ਵਿੱਚ ਨਵੇਂ ਮੌਕੇ ਪੈਦਾ ਹੋ ਸਕਦੇ ਹਨ।