- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿੱਪਰ ਚਾਲਕ ਨੂੰ ਰੋਕ ਕੇ ਥੱਪੜ ਮਾਰਨ ਦੇ ਦੋਸ਼ਾਂ ’ਚ ਘਿਰੀ ਵਿਧਾਇਕ ਛੀਨਾ

-ਥੱਪੜ ਮਾਮਲੇ ’ਚ ਕਾਰਵਾਈ ਦੀ ਮੰਗ, ਵਿਧਾਇਕਾ ਛੀਨਾ ਅਨੁਸਾਰ ਇਸ ਮਾਮਲੇ ਨੂੰ ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਿੱਤਾ ਕਰਾਰ
37) ਟਿੱਪਰ ਚਾਲਕ ਨਾਲ ਦਿਖਾਈ ਦੇ ਰਹੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ।
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਟਿੱਪਰ ਚਾਲਕ ਨੂੰ ਰੋਕ ਕੇ ਕਥਿਤ ਤੌਰ ’ਤੇ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸਿਆਸੀ ਮਾਹੌਲ ਭਖ ਗਿਆ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਵਿਧਾਇਕਾ ’ਤੇ ਸੱਤਾ ਦੇ ਹੰਕਾਰ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਵਾਇਰਲ ਹੋਈ ਵੀਡੀਓ ਵਿੱਚ ਵਿਧਾਇਕ ਆਪਣੇ ਸੁਰੱਖਿਆ ਕਰਮੀ ਅਤੇ ਕੁੱਝ ਹੋਰ ਵਿਅਕਤੀਆਂ ਸਮੇਤ ਡਾਬਾ-ਲੋਹਾਰਾ ਸੜਕ ’ਤੇ ਇੱਕ ਟਿੱਪਰ ਨੂੰ ਰੋਕਦੀ ਦਿਖਾਈ ਦੇ ਰਹੀ ਹੈ। ਵਿਧਾਇਕਾ ਵੱਲੋਂ ਟਿੱਪਰ ਦਾ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਚਾਲਕ ਹੇਠਾਂ ਉਤਰਦਾ ਹੈ। ਇਸ ਦੌਰਾਨ ਵੀਡੀਓ ’ਚ ਵਿਧਾਇਕਾ ਵੱਲੋਂ ਚਾਲਕ ਨੂੰ ਥੱਪੜ ਮਾਰਨ ਵਰਗੀ ਘਟਨਾ ਦਿਖਾਈ ਦਿੰਦੀ ਹੈ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਤਿੱਖੀ ਬਹਿਸ ਹੁੰਦੀ ਨਜ਼ਰ ਆ ਰਹੀ ਹੈ। ਇਹ ਘਟਨਾ ਤੜਕੇ ਵਾਪਰੀ। ਘਟਨਾ ਤੋਂ ਬਾਅਦ ਟਿੱਪਰ ਚਾਲਕ ਨੇ ਆਪਣੇ ਸਮਰਥਕਾਂ ਸਮੇਤ ਇਲਾਕੇ ਵਿੱਚ ਥੋੜ੍ਹੇ ਸਮੇਂ ਲਈ ਰੋਸ ਵੀ ਪ੍ਰਗਟਾਇਆ। ਚਾਲਕ ਨੇ ਦੋਸ਼ ਲਾਇਆ ਕਿ ਵਿਧਾਇਕਾ ਉਸ ਦੇ ਟਿੱਪਰ ਦਾ ਪਿੱਛਾ ਕਰਕੇ ਉਸ ਨੂੰ ਰੋਕਿਆ ਤੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਬਾਅਦ ਵਿੱਚ ਉਸ ’ਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਵੀ ਲਾਏ ਗਏ।
-ਬਾਕਸ-
-ਵਿਧਾਇਕਾ ਛੀਨਾ ਨੇ ਥੱਪੜ ਮਾਰਨ ਦਾ ਦੋਸ਼ ਨਕਾਰਿਆ
ਦੂਜੇ ਪਾਸੇ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਟਿੱਪਰ ਚਾਲਕ ਨੂੰ ਥੱਪੜ ਮਾਰਨ ਦੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ। ਡਾਬਾ ਇਲਾਕੇ ਵਿੱਚ ਦਿਨ ਸਮੇਂ ਭਾਰੀ ਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਹ ਮਾਮਲਾ ਉਹ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ। ਵਿਧਾਇਕ ਮੁਤਾਬਕ ਇਲਾਕੇ ਵਿੱਚ ਸੜਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਇੱਕ ਓਵਰਲੋਡ ਟਿੱਪਰ ਦੀ ਆਵਾਜਾਈ ਕਾਰਨ ਹਾਲਾਤ ਹੋਰ ਵਿਗੜ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਟਿੱਪਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ ਅਤੇ ਉਹ ਦਖ਼ਲ ਦੇਣ ਲਈ ਅੱਗੇ ਆਏ ਤਾਂ ਜੋ ਉਹ ਕਿਸੇ ਹੋਰ ਵਾਹਨ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਵਿਧਾਇਕਾ ਛੀਨਾ ਅਨੁਸਾਰ ਉਨ੍ਹਾਂ ਨੇ ਸਿਰਫ਼ ਟਿੱਪਰ ਦੀਆਂ ਚਾਬੀਆਂ ਮੰਗੀਆਂ ਤੇ ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰਕੇ ਟਿੱਪਰ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਟਿੱਪਰ ਓਵਰਲੋਡ ਹੋਣ ਦੇ ਨਾਲ-ਨਾਲ ਸੰਤੁਲਨ ਤੋਂ ਬਾਹਰ ਦਿਖਾਈ ਦੇ ਰਿਹਾ ਸੀ। ਵਿਧਾਇਕਾ ਮੁਤਾਬਕ ਬਾਅਦ ਵਿੱਚ ਚਾਲਕ ਨੇ ਉਨ੍ਹਾਂ ਤੋਂ ਮੁਆਫ਼ੀ ਵੀ ਮੰਗੀ।
-ਬਾਕਸ-
-ਪੁਲਿਸ ਨੇ ਗਲਤ ਪਾਰਕਿੰਗ ਦਾ ਕੀਤਾ ਚਲਾਨ
ਡਾਬਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਟਿੱਪਰ ਚਾਲਕ ਦਾ ਗਲਤ ਪਾਰਕਿੰਗ ਕਰਨ ਦੇ ਦੋਸ਼ ਹੇਠ ਚਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਵਿਧਾਇਕਾ ਅਤੇ ਟਿੱਪਰ ਚਾਲਕ ਵਿਚਕਾਰ ਬਹਿਸ ਹੋਈ, ਉਸ ਸਮੇਂ ਉਹ ਮੌਕੇ ’ਤੇ ਮੌਜੂਦ ਨਹੀਂ ਸਨ। ਵਿਧਾਇਕ ਛੀਨਾ ਨੇ ਇਸ ਪੂਰੇ ਮਾਮਲੇ ਨੂੰ ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਇਸ ਘਟਨਾ ਨੂੰ ਸਿਆਸੀ ਰੰਗ ਦੇ ਰਹੀਆਂ ਹਨ।
-ਵਿਧਾਇਕਾ ਛੀਨਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ : ਬਿੱਟੂ
38) ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ।
ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਇੱਕ ਟਿੱਪਰ ਚਾਲਕ ਨੂੰ ਥੱਪੜ ਮਾਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਵਿਧਾਇਕਾ ਨੇ ਜੋ ਕੀਤਾ ਹੈ, ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀਆਂ ਗੱਲਾਂ ਕਰਨ ਵਾਲੇ ਸਾਈਡ ਨਾ ਦੇਣ ’ਤੇ ਸ਼ਰੇਆਮ ਬਦਮਾਸ਼ੀ ਕਰਕੇ ਟਿੱਪਰ ਚਾਲਕਾਂ ਨੂੰ ਥੱਪੜ ਮਾਰ ਰਹੇ ਹਨ।