ਡਾ. ਐੱਮਐੱਲ ਜਾਟ ਵੱਲੋਂ ਆਈਸੀਏਆਰ-ਆਈਆਈਐੱਮਆਰ ਦਾ ਦੌਰਾ ਡਾ.ਐੱਮਐੱਲ. ਜਾਟ ਵੱਲੋਂ ਆਈਸੀਏਆਰ-ਆਈਆਈਐੱਮਆਰ ਲੁਧਿਆਣਾ ਦਾ ਦੌਰਾ
Publish Date: Mon, 14 Sep 2026 09:14 PM (IST)
Updated Date: Tue, 15 Sep 2026 04:11 AM (IST)
-ਖੋਜ, ਪਸਾਰ ਤੇ ਸੰਸਥਾਗਤ ਸਰਗਰਮੀਆਂ ਦੀ ਸੰਸਥਾ ਵੱਲੋਂ ਸਮੀਖਿਆ 14) ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਡਾ. ਐੱਮਐੱਲ ਜਾਟ ਡਾਇਰੈਕਟਰ ਜਨਰਲ ਆਈਸੀਏਆਰ ਅਤੇ ਸਕੱਤਰ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਡਾ. ਰਾਜਬੀਰ ਸਿੰਘ, ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਪਸਾਰ), ਆਈਸੀਏਆਰ ਦੇ ਨਾਲ ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ਼ ਮੇਜ਼ ਰਿਸਰਚ ਲੁਧਿਆਣਾ ਦਾ ਦੌਰਾ ਕੀਤਾ। ਇਸ ਮੌਕੇ ਡਾ. ਜਾਟ ਨੇ ਸੰਸਥਾ ਦੇ ਵਿਗਿਆਨੀਆਂ, ਤਕਨੀਕੀ ਤੇ ਪ੍ਰਸ਼ਾਸਨਿਕ ਅਮਲੇ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਖੋਜ ਪਸਾਰ ਤੇ ਹੋਰ ਸੰਸਥਾਗਤ ਸਰਗਰਮੀਆਂ ਦੀ ਸਮੀਖਿਆ ਕੀਤੀ। ਡਾ. ਜਾਟ ਨੇ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਮੌਜੂਦਾ ਝੋਨਾ-ਕਣਕ ਫ਼ਸਲੀ ਪ੍ਰਣਾਲੀ ਦੇ ਇੱਕ ਪ੍ਰਭਾਵਸ਼ਾਲੀ ਬਦਲ ਵਜੋਂ ਮੱਕੀ ਦੀ ਖੇਤੀ ਨੂੰ ਵਿਕਸਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਮੱਕੀ ਨਾਲ ਸਬੰਧਤ ਅਜਿਹੀਆਂ ਤਕਨੀਕਾਂ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜੋ ਜਲਵਾਯੂ ਪੱਖੋਂ ਲਚਕੀਲੀਆਂ, ਆਰਥਿਕ ਤੌਰ ’ਤੇ ਲਾਹੇਵੰਦ ਅਤੇ ਕਿਸਾਨ-ਕੇਂਦਰਿਤ ਹੋਣ। ਉਨ੍ਹਾਂ ਖੋਜ ਸੰਸਥਾਵਾਂ, ਖੇਤੀਬਾੜੀ ਪਸਾਰ ਪ੍ਰਣਾਲੀ ਤੇ ਕਿਸਾਨਾਂ ਵਿਚਾਲੇ ਮਜ਼ਬੂਤ ਤਾਲਮੇਲ ਦੀ ਲੋੜ ਵੀ ਉਜਾਗਰ ਕੀਤੀ। ਖੋਜ ਤੋਂ ਪ੍ਰਾਪਤ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਤੇਜ਼ੀ ਨਾਲ ਪਹੁੰਚਾਉਣ ਅਤੇ ਉਨ੍ਹਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਲਈ ਖੋਜ–ਪਸਾਰ–ਕਿਸਾਨ ਕੜੀ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਦੌਰੇ ਦੌਰਾਨ ਡਾ. ਜਾਟ ਅਤੇ ਹੋਰ ਪਤਵੰਤੇ ਅਧਿਕਾਰੀਆਂ ਨੇ ਸੰਸਥਾ ਦੀਆਂ ਵੱਖ-ਵੱਖ ਖੋਜ ਪ੍ਰਯੋਗਸ਼ਾਲਾਵਾਂ ਅਤੇ ਤਿਆਰ ਕੀਤੀਆਂ ਜਾ ਰਹੀਆਂ ਨਵੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਤਰੱਕੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਯੋਜਨਾਬੱਧ ਸਹੂਲਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਤੇ ਇਨ੍ਹਾਂ ਨੂੰ ਮੱਕੀ ਸਬੰਧੀ ਖੋਜ, ਨਵੀਆਂ ਤਕਨੀਕਾਂ ਦੇ ਵਿਕਾਸ ਤੇ ਕਿਸਾਨ-ਕੇਂਦਰਿਤ ਪਸਾਰ ਸਰਗਰਮੀਆਂ ਨੂੰ ਮਜ਼ਬੂਤ ਕਰਨ ਲਈ ਵਰਤਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰੇ ਨੇ ਸੰਸਥਾ ਦੇ ਵਿਗਿਆਨੀਆਂ ਅਤੇ ਅਮਲੇ ਨੂੰ ਆਪਣੀਆਂ ਖੋਜ ਅਤੇ ਪਸਾਰ ਗਤੀਵਿਧੀਆਂ ਸਬੰਧੀ ਉੱਚ ਅਧਿਕਾਰੀਆਂ ਨਾਲ ਵਿਚਾਰ ਕਰਨ ਦਾ ਮੌਕਾ ਦਿੱਤਾ। ਡਾ. ਜਾਟ ਵੱਲੋਂ ਦਿੱਤੇ ਗਏ ਸੁਝਾਅ ਅਤੇ ਮਾਰਗਦਰਸ਼ਨ ਨਾਲ ਸੰਸਥਾ ਦੀ ਖੋਜ, ਨਵੀਨਤਾ, ਬੁਨਿਆਦੀ ਢਾਂਚੇ ਤੇ ਖੇਤੀਬਾੜੀ ਪਸਾਰ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ। ਦੌਰੇ ਦੌਰਾਨ ਮੱਕੀ ਦੀ ਉਤਪਾਦਕਤਾ ਵਧਾਉਣ, ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਸਮੇਤ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਭਾਈਵਾਲਾਂ ਦੀ ਭਲਾਈ ਲਈ ਖੋਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ।