- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੌਦਾ ਇੱਕ ਜੀਵਨ ਮਿਸ਼ਨ ਤਹਿਤ ਐਲਆਈਸੀ ਵੱਲੋਂ ਪਿੰਡ ਭੈਰੋਂਮੁੰਨਾ ਵਿਖੇ ਪੌਦੇ ਲਗਾਏ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਬ੍ਰਾਂਚ ਸਮਰਾਲਾ ਵੱਲੋਂ ਵਾਤਾਵਰਣ ਦੀ ਸੰਭਾਲ ਤੇ ਹਰਿਆਵਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਪੌਦਾ ਇਕ ਜੀਵਨ’ ਮਿਸ਼ਨ ਤਹਿਤ ਪਿੰਡ ਭੈਰੋਂਮੁੰਨਾ ਵਿਖੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਬੂਟੇ ਲਾ ਕੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ। ਇਸ ਮੁਹਿੰਮ ਦਾ ਉਦਘਾਟਨ ਭਾਰਤੀ ਜੀਵਨ ਬੀਮਾ ਨਿਗਮ ਬ੍ਰਾਂਚ ਲੁਧਿਆਣਾ ਦੇ ਮੁੱਖ ਪ੍ਰਬੰਧਕ ਬੀਐਲ. ਸੁਥਾਰ ਵੱਲੋਂ ਬੂਟਾ ਲਾ ਕੇ ਕੀਤਾ। ਇਸ ਮੌਕੇ ਸੁਥਾਰ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਤੇ ਸੰਤੁਲਿਤ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬੂਟਾ ਲਾਉਣਾ ਹੀ ਕਾਫ਼ੀ ਨਹੀਂ, ਸਗੋਂ ਉਸਦੀ ਸੰਭਾਲ ਕਰਕੇ ਉਸਨੂੰ ਇਕ ਰੁੱਖ ਦਾ ਰੂਪ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ। ‘ਪੌਦਾ ਇੱਕ ਜੀਵਨ’ ਮਿਸ਼ਨ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਰਥਕ ਤੇ ਪ੍ਰੇਰਣਾਦਾਇਕ ਉਪਰਾਲਾ ਹੈ। ਜੇ ਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇਕ ਬੂਟਾ ਲਾ ਕੇ ਉਸਦੀ ਸੰਭਾਲ ਕਰਨ ਦਾ ਸੰਕਲਪ ਲਵੇ ਤਾਂ ਵਾਤਾਵਰਣ ਨੂੰ ਬਚਾਉਣ ’ਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਐੱਲਆਈਸੀ ਬ੍ਰਾਂਚ ਸਮਰਾਲਾ ਦੇ ਮੈਨੇਜਰ ਨੀਰ ਸ਼ਰਾਫ ਵੱਲੋਂ ਆਪਣੀ ਬ੍ਰਾਂਚ ਰਾਹੀਂ ਇਸ ਅਹਿਮ ਮੁਹਿੰਮ ਦੀ ਸ਼ੁਰੂਆਤ ਕਰਵਾਈ। ਪਿੰਡ ਭੈਰੋਂ ਮੁੰਨਾ ਦੇ ਵਸਨੀਕਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਇਸ ਉਪਰਾਲੇ ਨੂੰ ਸਥਾਨਕ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਪਿੰਡ ਦੇ ਸਰਪੰਚ ਰੁਲਦੂ ਰਾਮ, ਚੇਅਰਮੈਨ ਕੁਲਵੀਰ ਸਿੰਘ, ਮਨਦੀਪ ਸਿੰਘ ਪੰਚ, ਹਰਜੀਤ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ, ਐੱਮਈਐੱਸ. ਵਿਭਾਗ ਦੇ ਅਧਿਕਾਰੀ, ਲਾਲ ਪੰਚ, ਹਨੀ ਪੰਚ, ਜਸਵੀਰ ਸਿੰਘ, ਵੀਰਪਾਲ ਸਿੰਘ, ਪਰਦੀਪ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।