- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵੇਦਨਸ਼ੀਲ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ-ਗਰੇਵਾਲ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਯੂਥ ਕਾਂਗਰਸ ਹਲਕਾ ਗਿੱਲ ਦੇ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਨੇ ਸੂਬਾ ਸਰਕਾਰ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦਾ ਜਨਾਜ਼ਾ ਉਸ ਵੇਲੇ ਨਿਕਲ ਗਿਆ, ਜਦੋਂ ਪਿੰਡ ਬਣਜਾਰਾ ਦੇ ਇੱਕ ਗਰੀਬ ਮਜ਼ਦੂਰ ਗੁਲਜ਼ਾਰ ਸਿੰਘ ਨੂੰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਦੇ ਮੁੱਦੇ 'ਤੇ ਸਵਾਲ ਕਰਨ ਬਦਲੇ ਆਪਣੀ ਜਾਨ ਗਵਾਉਣੀ ਪਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਥ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਮਾਨਸਿਕ ਪ੍ਰੇਸ਼ਾਨੀ ਅਤੇ ਦਬਾਅ ਦੇ ਚੱਲਦਿਆਂ ਗੁਲਜ਼ਾਰ ਸਿੰਘ ਨੂੰ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹੋਣਾ ਪਿਆ। ਇਸ ਮਾਮਲੇ ਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਨਸ਼ਿਆਂ ਵਿਰੁੱਧ ਜੰਗ' ਦੇ ਨਾਂ ਹੇਠ ਪਿੰਡਾਂ ਵਿੱਚ ਇਹ ਝੂਠ ਬੋਲਿਆ ਜਾ ਰਿਹਾ ਹੈ ਕਿ ਨਸ਼ਾ ਖ਼ਤਮ ਕਰ ਦਿੱਤਾ ਗਿਆ ਹੈ। ਜਦਕਿ ਇਸ ਤੋਂ ਵੱਡੀ ਸੱਚਾਈ ਹੋਰ ਕੀ ਹੋ ਸਕਦੀ ਹੈ ਕਿ ਇਕ ਬੇਵੱਸ ਪਿਤਾ ਆਪਣੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਸਰਕਾਰ ਅੱਗੇ ਦੁਹਾਈਆਂ ਪਾ ਰਿਹਾ ਸੀ ਕਿ ਉਸ ਦੇ ਪੁੱਤ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ ਜਾਵੇ, ਪਰ ਉਸ ਨੂੰ ਨਸ਼ੇ ਤੋਂ ਬਚਾਉਣ ਦੀ ਬਜਾਏ ਪਿਓ ਨੂੰ ਹੀ ਆਪਣੇ ਪ੍ਰਾਣ ਦੇਣੇ ਪੈ ਗਏ। ਗਰੇਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਸਰਕਾਰ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੰਤਰੀ ਚੀਮਾ ਖ਼ਿਲਾਫ਼ ਤੁਰੰਤ ਕਤਲ ਦਾ ਮੁਕੱਦਮਾ ਦਰਜ ਕਰੇ। ਇਸ ਮੌਕੇ ਜਿਲਾ ਜਨਰਲ ਸਕੱਤਰ ਮਨ ਸੁਖਬੀਰ ਸਿੰਘ ਸੀਲੋਂ,ਵਾਈਸ ਪ੍ਰਧਾਨ ਗਗਨਦੀਪ ਗੁਰਮ,ਬਲਾਕ ਪ੍ਰਧਾਨ ਬਲਜੋਤ ਢੋਡੇ,ਬਲਾਕ ਪ੍ਰਧਾਨ ਸਨੀ ਦੁਗਰੀ,ਪ੍ਰਿੰਸ ਧਾਲੀਵਾਲ, ਦਵਿੰਦਰ ਲਲਤੋਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਮੈਂਬਰ ਹਾਜ਼ਰ ਸਨ।