ਨਵਾਂ ਗਿਆਨ ਪ੍ਰਾਪਤ ਕਰਨ ’ਚ ਸਹਾਈ ਹੋਵੇਗਾ ਡਾ. ਕੌਲ ਦਾ ਅਮਰੀਕਾ ਦੌਰਾ ਨਵਾਂ ਗਿਆਨ ਪ੍ਰਾਪਤ ਕਰਨ ’ਚ ਸਹਾਈ ਹੋਵੇਗਾ ਡਾ.ਕੌਲ ਦਾ ਅਮਰੀਕਾ ਦੌਰਾ
Publish Date: Mon, 14 Sep 2026 08:14 PM (IST)
Updated Date: Tue, 15 Sep 2026 04:09 AM (IST)
-ਡਿਸਟਿੰਗੁਇਸ਼ਡ ’ਵਰਸਿਟੀ ਦੇ ਪ੍ਰੋਫੈਸਰ ਡਾ. ਰਤਨ ਲਾਲ ਦੀ ਰਹਿਨੁਮਾਈ ਹੇਠ ਕਰ ਰਹੇ ਕਾਰਜ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਵਿਭਾਗ ਦੇ ਐਕਸਟੈਂਸ਼ਨ ਸਾਇੰਟਿਸਟ ਡਾ. ਅਮਿਤ ਕੌਲ ਇਨ੍ਹਾਂ ਦਿਨਾਂ ਅਮਰੀਕਾ ਦੀ ਦ ਓਹਾਇਓ ਸਟੇਟ ਯੂਨੀਵਰਸਿਟੀ ਕੋਲੰਬਸ, ਓਹਾਇਓ ਵਿਖੇ ਤਿੰਨ ਮਹੀਨਿਆਂ ਦੇ ਵਿਦਵਾਨ/ਸਿਖਲਾਈ ਪ੍ਰੋਗਰਾਮ ਅਧੀਨ ਦੌਰੇ ’ਤੇ ਹਨ। ਉਹ ਯੂਨੀਵਰਸਿਟੀ ਦੇ ਲਾਲ ਕਾਰਬਨ ਸੈਂਟਰ ਵਿਖੇ ਇਹ ਪ੍ਰੋਗਰਾਮ ਵਿਸ਼ਵ ਖੁਰਾਕ ਪੁਰਸਕਾਰ ਜੇਤੂ ਅਤੇ ਡਿਸਟਿੰਗਵਿਸ਼ਡ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਰਤਨ ਲਾਲ ਦੀ ਰਹਿਨੁਮਾਈ ਹੇਠ ਕਰ ਰਹੇ ਹਨ। ਡਾ. ਕੌਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਲਈ ਮਿੱਟੀ ਵਿੱਚ ਜੈਵਿਕ ਕਾਰਬਨ, ਕਾਰਬਨ ਸੰਭਾਲ, ਮਿੱਟੀ ਦੀ ਸਿਹਤ, ਟਿਕਾਊ ਖੇਤੀਬਾੜੀ ਪ੍ਰਥਾਵਾਂ ਅਤੇ ਜਲਵਾਯੂ-ਅਨੁਕੂਲ ਖੇਤੀਬਾੜੀ ਦੇ ਖੇਤਰਾਂ ’ਚ ਗਿਆਨ ਅਤੇ ਖੋਜ ਤਜਰਬਾ ਵਧਾਉਣ ਦਾ ਮਹੱਤਵਪੂਰਨ ਮੌਕਾ ਹੈ। ਇਸ ਦੌਰੇ ਦੌਰਾਨ ਉਹ ਡਾ. ਰਤਨ ਲਾਲ ਨਾਲ ਨੇੜਿਓਂ ਕੰਮ ਕਰ ਰਹੇ ਹਨ ਤੇ ਟਿਕਾਊ ਮਿੱਟੀ ਤੇ ਖੇਤੀਬਾੜੀ ਸਰੋਤ ਪ੍ਰਬੰਧਨ ਨਾਲ ਸਬੰਧਤ ਚੱਲ ਰਹੀਆਂ ਖੋਜ ਸਰਗਰਮੀਆਂ, ਵਿਗਿਆਨਕ ਵਿਚਾਰ-ਵਟਾਂਦਰੇ ਅਤੇ ਨਵੀਆਂ ਪਹੁੰਚਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕਰ ਰਹੇ ਹਨ। ਮੌਜੂਦਾ ਸਮੇਂ ’ਚ ਮਿੱਟੀ ਦੀ ਸਿਹਤ ਨੂੰ ਕਾਇਮ ਰੱਖਣਾ, ਖੇਤੀਬਾੜੀ ਵਿੱਚ ਕਾਰਬਨ ਦੇ ਪੱਧਰ ਨੂੰ ਵਧਾਉਣਾ ਅਤੇ ਬਦਲ ਰਹੇ ਮੌਸਮ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਟਿਕਾਊ ਤਕਨੀਕਾਂ ਨੂੰ ਅਪਣਾਉਣਾ ਬਹੁਤ ਮਹੱਤਵਪੂਰਨ ਬਣ ਗਿਆ ਹੈ। ਅਜਿਹੇ ਵਿੱਚ ਡਾ. ਕੌਲ ਦਾ ਇਹ ਕੌਮਾਂਤਰੀ ਸਿਖਲਾਈ ਅਤੇ ਖੋਜ ਦੌਰਾ ਖੇਤੀਬਾੜੀ ਦੇ ਇਨ੍ਹਾਂ ਮਹੱਤਵਪੂਰਨ ਪੱਖਾਂ ਬਾਰੇ ਨਵਾਂ ਗਿਆਨ ਪ੍ਰਾਪਤ ਕਰਨ ਵਿੱਚ ਸਹਾਈ ਸਾਬਤ ਹੋਵੇਗਾ। ਇਸ ਦੌਰੇ ਦੌਰਾਨ ਡਾ. ਕੌਲ ਨੂੰ ਓਹਾਇਓ ਸਟੇਟ ਯੂਨੀਵਰਸਿਟੀ ਦੀ ਖੋਜ, ਪਸਾਰ ਸੇਵਾਵਾਂ ਅਤੇ ਸਿੱਖਿਆ ਨਾਲ ਸਬੰਧਤ ਗਤੀਵਿਧੀਆਂ ਨੂੰ ਨੇੜਿਓਂ ਸਮਝਣ ਦਾ ਮੌਕਾ ਵੀ ਮਿਲ ਰਿਹਾ ਹੈ। ਉਹ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਕਰਤਾਵਾਂ ਅਤੇ ਪਸਾਰ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਓਹਾਇਓ ਸਟੇਟ ਯੂਨੀਵਰਸਿਟੀ ਵਿੱਚ ਮਿਲ ਰਿਹਾ ਇਹ ਤਜਰਬਾ ਉਨ੍ਹਾਂ ਦੇ ਖੋਜ ਅਤੇ ਪਸਾਰ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗਾ। ਇਸ ਰਾਹੀਂ ਮਿੱਟੀ ਦੀ ਸਿਹਤ, ਕਾਰਬਨ ਸੰਭਾਲ ਅਤੇ ਟਿਕਾਊ ਖੇਤੀਬਾੜੀ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ’ਤੇ ਵਿਕਸਿਤ ਹੋ ਰਹੀਆਂ ਤਕਨੀਕਾਂ ਤੇ ਪਹੁੰਚਾਂ ਨੂੰ ਸਮਝਣ ਦਾ ਮੌਕਾ ਮਿਲ ਰਿਹਾ ਹੈ, ਜਿਸ ਦਾ ਲਾਭ ਭਵਿੱਖ ਵਿੱਚ ਪੰਜਾਬ ਦੀ ਖੇਤੀਬਾੜੀ ਲਈ ਵੀ ਲਿਆ ਜਾ ਸਕਦਾ ਹੈ। ਡਾ. ਅਮਿਤ ਕੌਲ ਦਾ ਇਹ ਤਿੰਨ ਮਹੀਨਿਆਂ ਦਾ ਦੌਰਾ ਪੰਜਾਬ ਵਿੱਚ ਮਿੱਟੀ ਦੀ ਸਿਹਤ ਸੰਭਾਲ, ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਜਲਵਾਯੂ-ਲਚਕੀਲੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਗਿਆਨ ਦੇ ਅੰਤਰਰਾਸ਼ਟਰੀ ਆਦਾਨ-ਪ੍ਰਦਾਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।