- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਤੋਂ ਪਹਿਲਾਂ ਫੂਡ ਸੇਫਟੀ ਟੀਮ ਦੀ ਵੱਡੀ ਚੈਕਿੰਗ, ਖੋਏ ਤੇ ਪਨੀਰ ਦੇ 30 ਸੈਂਪਲ ਭਰੇ

ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਮਿਲਾਵਟੀ ਤੇ ਗੈਰ-ਮਿਆਰੀ ਖਾਣ-ਪੀਣ ਦੀਆਂ ਵਸਤੂਆਂ ’ਤੇ ਨਕੇਲ ਕੱਸਣ ਲਈ ਫੂਡ ਸੇਫਟੀ ਟੀਮ ਲੁਧਿਆਣਾ ਨੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਖੋਏ ਅਤੇ ਪਨੀਰ ਦੇ ਕੁੱਲ 30 ਸੈਂਪਲ ਲੈ ਕੇ ਜਾਂਚ ਲਈ ਫੂਡ ਲੈਬੋਰੇਟਰੀ ਭੇਜੇ ਗਏ ਹਨ। ਜ਼ਿਲ੍ਹਾ ਸਿਹਤ ਅਫਸਰ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਖੋਏ, ਪਨੀਰ, ਦੁੱਧ, ਮਿਠਾਈਆਂ ਤੇ ਹੋਰ ਦੁੱਧ ਤੋਂ ਬਣੇ ਪਦਾਰਥਾਂ ਦੀ ਮੰਗ ਵੱਧ ਜਾਂਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਫੂਡ ਸੇਫਟੀ ਟੀਮ ਵੱਲੋਂ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਅਤੇ ਸੈਂਪਲਿੰਗ ਕੀਤੀ ਗਈ।
ਮੁਹਿੰਮ ਦੌਰਾਨ ਮਾਡਲ ਟਾਊਨ, ਹੈਬੋਵਾਲ, ਤਾਜਪੁਰ ਰੋਡ, ਪਖੋਵਾਲ ਰੋਡ, ਮੁੱਲਾਂਪੁਰ ਅਤੇ ਅਖੋਵਾਲ ਰੋਡ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹਲਵਾਈਆਂ ਦੀਆਂ ਦੁਕਾਨਾਂ, ਡੇਅਰੀਆਂ ਅਤੇ ਫੂਡ ਮੈਨੂਫੈਕਚਰਿੰਗ ਯੂਨਿਟਾਂ ਦੀ ਜਾਂਚ ਕੀਤੀ ਗਈ। ਟੀਮ ਨੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਤਿਆਰੀ, ਕੱਚੇ ਮਾਲ ਦੀ ਗੁਣਵੱਤਾ, ਸਟੋਰੇਜ, ਸਫ਼ਾਈ ਅਤੇ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਦਾ ਜਾਇਜ਼ਾ ਲਿਆ। ਚੈਕਿੰਗ ਦੌਰਾਨ ਖੋਏ ਅਤੇ ਪਨੀਰ ਦੇ 30 ਸੈਂਪਲ ਲੈ ਕੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਫੂਡ ਲੈਬਾਰਟਰੀ ਭੇਜੇ ਗਏ ਹਨ। ਡਾ. ਚਾਵਲਾ ਨੇ ਕਿਹਾ ਕਿ ਲੈਬ ਰਿਪੋਰਟਾਂ ਆਉਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਤਹਿਤ ਬਣੇ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਸਫ਼ਾਈ ਅਤੇ ਸੁਰੱਖਿਅਤ ਖੁਰਾਕ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣ, ਸਾਫ਼-ਸੁਥਰੇ ਭਾਂਡਿਆਂ ਤੇ ਸਾਜੋ-ਸਾਮਾਨ ਦੀ ਵਰਤੋਂ ਕਰਨ ਅਤੇ ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਲਈ ਕਿਹਾ ਗਿਆ। ਫੂਡ ਬਿਜ਼ਨਸ ਆਪਰੇਟਰਾਂ ਨੂੰ ਖੋਏ, ਪਨੀਰ ਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਦੀ ਸਹੀ ਢੰਗ ਨਾਲ ਸਟੋਰੇਜ ਕਰਨ ਅਤੇ ਸਫ਼ਾਈ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਵਿਭਾਗ ਵੱਲੋਂ ਚੈਕਿੰਗ ਅਤੇ ਸੈਂਪਲਿੰਗ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।