- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਖੇਤੀ ਤੋਂ ਕਾਰੋਬਾਰ’ ਦੇ ਸੰਕਲਪ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣਨ ਦਾ ਸੱਦਾ

-ਜੀਜੀਐੱਸਸੀ ਕੰਪਲੈਕਸ ਪੀਏਯੂ ਦੇ ਹਾਲ ’ਚ ਕਰਵਾਇਆ ਵਿਸ਼ੇਸ਼ ਸੈਮੀਨਾਰ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਰਾਮ ਦਾਸ ਸੈਂਟਰ ਫਾਰ ਇਕਨਾਮਿਕ ਗ੍ਰੋਥ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਡਲ ਟਾਊਨ ਐਕਸਟੈਂਸ਼ਨ ਵੱਲੋਂ ਜੀਜੀਐੱਸਸੀ ਕੰਪਲੈਕਸ ਦੇ ਹਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ। ਇਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ, ਮਾਹਿਰਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਵਿੱਚ ਕੇਂਦਰੀ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪੀਏਯੂ ਦੇ ਸਾਬਕਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐੱਮਆਈਐੱਸ. ਗਿੱਲ ਅਤੇ ਪੀਏਯੂ ਦੇ ਸਾਬਕਾ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਵਿਸ਼ੇਸ਼ ਸਨਮਾਨਿਤ ਮਹਿਮਾਨਾਂ ਵਜੋਂ ਹਾਜ਼ਰ ਰਹੇ। ਇਸ ਮੌਕੇ ਪੀਏਯੂ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਅਤੇ ਵੈਟਰਨਰੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਜਸਪਾਲ ਸਿੰਘ ਹੁੰਦਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਡਿਸਆਰਡੀਸੀ ਦੇ ਡਾਇਰੈਕਟਰ ਪ੍ਰਤਾਪ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਜਦਕਿ ਅੰਤ ਵਿੱਚ ਡਾਇਰੈਕਟਰ ਓਵਰਸੀਜ਼ ਗੁਰਮੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਸੈਮੀਨਾਰ ਦਾ ਮੁੱਖ ਆਕਰਸ਼ਣ ਪੀਏਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਡਾਇਰੈਕਟਰ ਅਤੇ ਨਿਧੀ ਟੀਬੀਆਈ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰਮਨਦੀਪ ਸਿੰਘ ਜੱਸਲ ਦਾ ਮੁੱਖ ਭਾਸ਼ਣ ਰਿਹਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੇਤੀਬਾੜੀ ਸਿਰਫ਼ ਫ਼ਸਲਾਂ ਦੀ ਪੈਦਾਵਾਰ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਬਹੁ-ਅਰਬੀ ਕਾਰੋਬਾਰੀ ਮੌਕਿਆਂ ਵਾਲਾ ਖੇਤਰ ਬਣ ਚੁੱਕੀ ਹੈ।
ਉਨ੍ਹਾਂ ਨੌਜਵਾਨਾਂ ਨੂੰ ‘ਖੇਤੀ ਤੋਂ ਕਾਰੋਬਾਰ’ ਦਾ ਸੰਕਲਪ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ। ਪੀਏਯੂ ਫੈਡਜ਼ ਦੇ ਸੀਈਓ ਗੁਰਿੰਦਰ ਸਿੰਘ ਗਿੱਲ ਨੇ ਇਨਕਿਊਬੇਸ਼ਨ ਦੀ ਵਿਹਾਰਕ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਦੌਰਾਨ ਨਿਧੀ ਟੀਬੀਆਈ ਦੇ ਬਿਜ਼ਨਸ ਮੈਨੇਜਰ ਸਮੀਰ ਗੌਤਮ ਨੇ ਸਟਾਰਟਅੱਪ ਅਤੇ ਖੇਤੀ-ਉੱਦਮੀਆਂ ਲਈ ਉਪਲਬਧ ਕਾਰੋਬਾਰੀ ਸਹਾਇਤਾ ਬਾਰੇ ਦੱਸਿਆ। ਸਮਾਗਮ ਦੇ ਆਯੋਜਕਾਂ ਵਿੱਚ ਜੀਜੀਐੱਸਸੀ ਦੇ ਚੇਅਰਮੈਨ ਬਲਜੀਤ ਸਿੰਘ, ਤੇਜਵਿੰਦਰ ਸਿੰਘ, ਡਾਇਰੈਕਟਰ ਖੁਸ਼ਵਿੰਦਰ ਬੀਰ ਸਿੰਘ, ਪੀਏਯੂ ਯੂਨਿਟ ਦੇ ਪ੍ਰਧਾਨ ਡਾ. ਬੂਟਾ ਸਿੰਘ, ਵੈਟਰਨਰੀ ਯੂਨੀਵਰਸਿਟੀ ਯੂਨਿਟ ਦੇ ਪ੍ਰਧਾਨ ਡਾ. ਰਵਦੀਪ ਸਿੰਘ ਅਤੇ ਜੀਆਰਡੀਸੀਈਜੀ ਦੇ ਜਨਰਲ ਸਕੱਤਰ ਸ. ਜਸਪਾਲ ਸਿੰਘ ਸ਼ਾਮਲ ਸਨ। ਪ੍ਰਬੰਧਕਾਂ ਨੇ ਸਮਾਗਮ ’ਚ ਪਹੁੰਚੇ ਸਾਰੇ ਮਹਿਮਾਨਾਂ, ਮਾਹਿਰਾਂ, ਵਿਦਿਆਰਥੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।