- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛਠੀ ਦੇ ਲੰਗਰ ਮੌਕੇ ਬੱਚਿਆਂ ਨੂੰ ਤੋਹਫ਼ੇ ਵੰਡੇ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ
ਜਨਤਾ ਨਗਰ ਦੀ ਗਲੀ ਨੰਬਰ 14 ਵਿਖੇ ਸਥਿਤ ਸ਼ਿਵ ਯੋਗੀ ਸਿੱਧ ਬਾਬਾ ਬਾਲਕ ਨਾਥ ਮੰਦਰ ’ਚ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਛਠੀ ਦਾ ਲੰਗਰ ਲਾਇਆ। ਇਸ ਮੌਕੇ ਸ਼ਰਧਾਲੂਆਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਬਾਬਾ ਬਾਲਕ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਲੰਗਰ ਛਕਿਆ। ਲੰਗਰ ਦੌਰਾਨ ਮੰਦਰ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਸਵੇਰ ਤੋਂ ਹੀ ਮੰਦਰ ਵਿਖੇ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋਈ ਸੀ। ਇਸ ਦੌਰਾਨ ਮੰਦਰ ਦੇ ਵਾਤਾਵਰਨ ਵਿੱਚ ਭਗਤੀਮਈ ਰੰਗ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਵੱਲੋਂ ਬਾਬਾ ਬਾਲਕ ਨਾਥ ਜੀ ਦੇ ਜੈਕਾਰਿਆਂ ਨਾਲ ਮੰਦਰ ਦਾ ਮਾਹੌਲ ਗੂੰਜ ਉੱਠਿਆ। ਮੰਦਰ ਪ੍ਰਧਾਨ ਸੁਮੇਸ਼ ਕੋਛੜ ਨੇ ਕਿਹਾ ਕਿ ਧਾਰਮਿਕ ਸਮਾਗਮ ਤੇ ਲੰਗਰ ਸੇਵਾ ਸਾਨੂੰ ਆਪਸੀ ਭਾਈਚਾਰਾ, ਸੇਵਾ ਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹਨ। ਮੰਦਰ ਵੱਲੋਂ ਸਮੇਂ-ਸਮੇਂ ’ਤੇ ਧਾਰਮਿਕ ਤੇ ਸਮਾਜ ਸੇਵਾ ਨਾਲ ਸਬੰਧਤ ਕਾਰਜ ਕਰਵਾਏ ਜਾਂਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵੀ ਆਪਣੀ ਧਾਰਮਿਕ ਅਤੇ ਸਮਾਜਿਕ ਵਿਰਾਸਤ ਨਾਲ ਜੋੜਿਆ ਜਾ ਸਕੇ। ਸਮਾਗਮ ਦੌਰਾਨ ਬੱਚਿਆਂ ਲਈ ਵਿਸ਼ੇਸ਼ ਤੌਰ ’ਤੇ ਤੋਹਫ਼ੇ ਵੀ ਵੰਡੇ ਗਏ। ਤੋਹਫ਼ੇ ਪ੍ਰਾਪਤ ਕਰਕੇ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਦੇਖਣ ਨੂੰ ਮਿਲੀ। ਪ੍ਰਬੰਧਕਾਂ ਅਨੁਸਾਰ ਬੱਚਿਆਂ ਨੂੰ ਸਮਾਗਮਾਂ ਨਾਲ ਜੋੜਨ ਦਾ ਉਦੇਸ਼ ਉਨ੍ਹਾਂ ਵਿੱਚ ਸੇਵਾ, ਸਹਿਯੋਗ ਤੇ ਧਾਰਮਿਕ ਸੰਸਕਾਰਾਂ ਦੀ ਭਾਵਨਾ ਪੈਦਾ ਕਰਨਾ ਹੈ।ਇਸ ਮੌਕੇ ਚੰਨੀ, ਮਨਜੀਤ ਸਿੰਘ ਮੋਗਾ, ਸੋਨੂੰ ਚੌਪੜਾ ਅਤੇ ਗਗਨ ਸ਼ਰਮਾ ਸਮੇਤ ਹੋਰ ਪਤਵੰਤੇ ਤੇ ਸੇਵਾਦਾਰ ਹਾਜ਼ਰ ਸਨ। ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਮੂਹ ਸਹਿਯੋਗੀਆਂ ਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।