- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵ-ਨਿਰਮਿਤ ਐਲੀਵੇਟਿਡ ਰੋਡ ਦੀ ਸੜਕ ’ਤੇ ਪੈਣ ਲੱਗੇ ਖੱਡੇ, ਗੁਣਵੱਤਾ ’ਤੇ ਉੱਠੇ ਸਵਾਲ-ਮਹਿਤਾ

ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ : ਜਗਰਾਉਂ ਪੁਲ ਤੋਂ ਬਾਈਪਾਸ ਵੱਲ ਜਾਣ ਵਾਲੇ ਰਾਹ ’ਤੇ ਹਾਲ ਹੀ ਵਿੱਚ ਬਣੀ ਸੜਕ ਦੀ ਹਾਲਤ ਨੇ ਇਸ ਦੇ ਨਿਰਮਾਣ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਨਵੀਂ ਬਣੀ ਸੜਕ ਕੁਝ ਹੀ ਸਮੇਂ ਬਾਅਦ ਕਈ ਥਾਵਾਂ ਤੋਂ ਟੁੱਟਣ ਲੱਗ ਪਈ ਹੈ, ਜਦਕਿ ਕਈ ਥਾਵਾਂ ’ਤੇ ਸੜਕ ’ਤੇ ਟੋਏ ਵੀ ਪੈ ਗਏ ਹਨ। ਮੀਂਹ ਪੈਣ ਤੋਂ ਬਾਅਦ ਇਨ੍ਹਾਂ ਟੋਇਆਂ ’ਚ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਸੜਕ ਦੇ ਨਿਰਮਾਣ ਕਾਰਜ ਦੀ ਗੁਣਵੱਤਾ ’ਤੇ ਸਵਾਲ ਚੁੱਕਦਿਆਂ ਨਿਗਮ ਕਮਿਸ਼ਨਰ ਤੇ ਮੇਅਰ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮਹਿਤਾ ਨੇ ਕਿਹਾ ਕਿ ਲੰਬੀ ਉਡੀਕ ਤੋਂ ਬਾਅਦ ਤਿਆਰ ਹੋਈ ਇਸ ਸੜਕ ਦੇ ਨਿਰਮਾਣ ਤੋਂ ਕੁਝ ਸਮੇਂ ਬਾਅਦ ਹੀ ਥਾਂ-ਥਾਂ ਟੁੱਟਣਾ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸੜਕ ’ਤੇ ਪਹਿਲਾਂ ਤੋਂ ਹੀ ਕਈ ਥਾਵਾਂ ’ਤੇ ਜਿਗ-ਜੈਗ ਪੈਟਰਨ ਤੇ ਹੋਰ ਖਾਮੀਆਂ ਨਜ਼ਰ ਆ ਰਹੀਆਂ ਹਨ, ਜਿਸ ਕਾਰਨ ਨਿਰਮਾਣ ਕਾਰਜ ਵਿੱਚ ਇਸਤੇਮਾਲ ਮਟੀਰੀਅਲ ਤੇ ਇਸ ਦੀ ਗੁਣਵੱਤਾ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀ ਮੌਕੇ ’ਤੇ ਜਾ ਕੇ ਸੜਕ ਦਾ ਨਿਰੀਖਣ ਕਰਨ ਤੇ ਨਿਰਮਾਣ ’ਚ ਇਸਤੇਮਾਲ ਮੈਟੀਰੀਅਲ ਦੇ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਦੌਰਾਨ ਕਿਸੇ ਕਿਸਮ ਦੀ ਲਾਪਰਵਾਹੀ ਜਾਂ ਘਟੀਆ ਨਿਰਮਾਣ ਮੈਟੀਰੀਅਲ ਦੀ ਵਰਤੋਂ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰ ਦੀ ਜਵਾਬਦੇਹੀ ਤੈਅ ਕਰਕੇ ਕਾਰਵਾਈ ਕੀਤੀ ਜਾਵੇ।