- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਜੀਵਨ ਕੀ ਤਲਾਸ਼’ ਨੇ ਮੰਚ ’ਤੇ ਉਤਾਰੀ ਸੰਘਰਸ਼ ਅਤੇ ਸੁਪਨਿਆਂ ਦੀ ਕਹਾਣੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਐਤਵਾਰ ਨੂੰ ‘ਜੀਵਨ ਕੀ ਤਲਾਸ਼’ ਦੀ ਪੇਸ਼ਕਾਰੀ ਨਾਲ ਐੱਲਐੱਸਐੱਸ ਵੱਲੋਂ ਗੁਰੂ ਨਾਨਕ ਦੇਵ ਭਵਨ ਵਿਖੇ ਜਾਰੀ ਥਿਏਟਰ ਫੈਸਟੀਵਲ ਦੀ ਸਮਾਪਤੀ ਹੋ ਗਈ। ਦਸਤਕ ਥੀਏਟਰ ਅੰਮ੍ਰਿਤਸਰ ਵੱਲੋਂ ਪੇਸ਼ ਕੀਤਾ ਨਾਟਕ ‘ਜੀਵਨ ਕੀ ਤਲਾਸ਼’ ਦਰਸ਼ਕਾਂ ਨੂੰ ਮਨੁੱਖੀ ਜੀਵਨ ਦੇ ਸੰਘਰਸ਼, ਹੌਸਲੇ, ਸੁਪਨਿਆਂ ਅਤੇ ਅਰਥਪੂਰਨ ਜੀਵਨ ਦੀ ਖੋਜ ਨਾਲ ਜੋੜ ਗਿਆ। ਮਹਾਨ ਸਾਹਿਤਕਾਰ ਮੈਕਸੀਮ ਗੋਰਕੀ ਦੇ ਜੀਵਨ ਤੇ ਲਿਖਤਾਂ ਤੋਂ ਪ੍ਰੇਰਿਤ ਇਸ ਨਾਟਕ ਨੇ ਮੰਚ ਰਾਹੀਂ ਮਨੁੱਖ ਦੀਆਂ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਨੇ ਕਲਾਕਾਰਾਂ ਦੀ ਅਦਾਕਾਰੀ ਨੂੰ ਖੂਬ ਸਰਾਹਿਆ। ‘ਜੀਵਨ ਕੀ ਤਲਾਸ਼’ ਦਾ ਕੇਂਦਰੀ ਵਿਸ਼ਾ ਮਨੁੱਖ ਦਾ ਸੰਘਰਸ਼ਮਈ ਜੀਵਨ ਅਤੇ ਉਸ ਦੀਆਂ ਬਿਹਤਰ ਭਵਿੱਖ ਲਈ ਕੀਤੀਆਂ ਕੋਸ਼ਿਸ਼ਾਂ ਹਨ। ਨਾਟਕ ਇਹ ਸਵਾਲ ਚੁੱਕਦਾ ਰਿਹਾ ਕਿ ਔਖੇ ਹਾਲਾਤ, ਨਿਰਾਸ਼ਾ ਤੇ ਮੁਸ਼ਕਲਾਂ ਦੇ ਬਾਵਜੂਦ ਮਨੁੱਖ ਆਪਣੇ ਸੁਪਨਿਆਂ ਨੂੰ ਕਿਵੇਂ ਜ਼ਿੰਦਾ ਰੱਖਦਾ ਹੈ ਤੇ ਜੀਵਨ ਨੂੰ ਕੋਈ ਅਰਥ ਦੇਣ ਲਈ ਕਿਵੇਂ ਜੱਦੋ-ਜਹਿਦ ਕਰਦਾ ਹੈ। ਇਸ ਪੱਖੋਂ ਨਾਟਕ ਅੱਜ ਦੇ ਸਮਾਜ ਤੇ ਆਮ ਮਨੁੱਖ ਦੀ ਜ਼ਿੰਦਗੀ ਨਾਲ ਡੂੰਘੀ ਸਾਂਝ ਪੈਦਾ ਕਰਦਾ ਹੈ। ਮੈਕਸੀਮ ਗੋਰਕੀ ਦੀਆਂ ਰਚਨਾਵਾਂ ’ਚ ਆਮ ਮਨੁੱਖ, ਉਸ ਦਾ ਸੰਘਰਸ਼, ਗਰੀਬੀ, ਸਮਾਜਿਕ ਵਿਤਕਰਾ, ਆਤਮ-ਸਨਮਾਨ ਤੇ ਬਿਹਤਰ ਜੀਵਨ ਦੀ ਤਾਂਘ ਪ੍ਰਮੁੱਖ ਰਹੀ ਹੈ। ਇਸੇ ਵਿਚਾਰਧਾਰਕ ਪਿਛੋਕੜ ਤੋਂ ਪ੍ਰੇਰਣਾ ਲੈਂਦਿਆਂ ‘ਜੀਵਨ ਕੀ ਤਲਾਸ਼’ ਵਿੱਚ ਵੀ ਮਨੁੱਖੀ ਜ਼ਿੰਦਗੀ ਦੇ ਉਨ੍ਹਾਂ ਪੱਖਾਂ ਨੂੰ ਉਭਾਰਿਆ ਗਿਆ ਹੈ, ਜਿੱਥੇ ਸੰਘਰਸ਼ ਸਿਰਫ਼ ਮੁਸ਼ਕਲਾਂ ਨਾਲ ਲੜਨ ਦਾ ਨਾਮ ਨਹੀਂ, ਸਗੋਂ ਆਪਣੇ ਸੁਪਨਿਆਂ ਅਤੇ ਉਮੀਦਾਂ ਨੂੰ ਕਾਇਮ ਰੱਖਣ ਦੀ ਹਿੰਮਤ ਵੀ ਹੈ। ਨਾਟਕ ’ਚ ਮਨੁੱਖੀ ਹੌਸਲੇ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਪਾਤਰ ਜ਼ਿੰਦਗੀ ਦੀਆਂ ਔਕੜਾਂ ਵਿੱਚੋਂ ਲੰਘਦਿਆਂ ਕਈ ਵਾਰ ਟੁੱਟਦੇ ਅਤੇ ਨਿਰਾਸ਼ ਹੁੰਦੇ ਹਨ ਪਰ ਉਨ੍ਹਾਂ ਅੰਦਰਲਾ ਹੌਸਲਾ ਉਨ੍ਹਾਂ ਨੂੰ ਮੁੜ ਖੜ੍ਹਾ ਹੋਣ ਲਈ ਪ੍ਰੇਰਿਤ ਕਰਦਾ ਹੈ। ਇਸ ਤਰ੍ਹਾਂ ਨਾਟਕ ਦਰਸ਼ਕਾਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਸੰਘਰਸ਼ ਜੀਵਨ ਦਾ ਅਟੁੱਟ ਹਿੱਸਾ ਹੈ, ਪਰ ਮਨੁੱਖ ਦੀ ਅਸਲ ਤਾਕਤ ਉਸ ਦੇ ਹੌਸਲੇ ਅਤੇ ਸੁਪਨਿਆਂ ਵਿੱਚ ਵੱਸਦੀ ਹੈ। ਦਸਤਕ ਥੀਏਟਰ ਦੇ ਕਲਾਕਾਰਾਂ ਨੇ ਪਾਤਰਾਂ ਨੂੰ ਸੰਵੇਦਨਸ਼ੀਲਤਾ ਤੇ ਸੁਭਾਵਿਕਤਾ ਨਾਲ ਨਿਭਾਇਆ। ਸੰਵਾਦਾਂ ਦੀ ਪ੍ਰਭਾਵਸ਼ਾਲੀ ਅਦਾਇਗੀ, ਹਾਵ-ਭਾਵ ਅਤੇ ਮੰਚ ਉੱਤੇ ਕਲਾਕਾਰਾਂ ਦੇ ਆਪਸੀ ਤਾਲਮੇਲ ਨੇ ਨਾਟਕ ਦੇ ਪ੍ਰਭਾਵ ਨੂੰ ਹੋਰ ਗਹਿਰਾ ਕੀਤਾ। ਕਈ ਝਲਕੀਆਂ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ, ਜਦਕਿ ਕੁੱਝ ਪਲਾਂ ਨੇ ਉਨ੍ਹਾਂ ਨੂੰ ਆਪਣੇ ਜੀਵਨ ਅਤੇ ਸਮਾਜ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕੀਤਾ। ਨਾਟਕ ਦੀ ਮੰਚ ਸਜਾਵਟ, ਰੌਸ਼ਨੀ, ਸੰਗੀਤ ਅਤੇ ਹੋਰ ਤਕਨੀਕੀ ਪੱਖਾਂ ਨੇ ਵੀ ਕਥਾ ਦੇ ਮਾਹੌਲ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪੇਸ਼ਕਾਰੀ ਦਾ ਹਰ ਪੱਖ ਇਸ ਗੱਲ ਵੱਲ ਇਸ਼ਾਰਾ ਕਰਦਾ ਰਿਹਾ ਕਿ ਥੀਏਟਰ ਸਿਰਫ਼ ਮਨੋਰੰਜਨ ਨਹੀਂ, ਬਲਕਿ ਸਮਾਜ ਅਤੇ ਮਨੁੱਖੀ ਜੀਵਨ ਨਾਲ ਜੁੜੇ ਗੰਭੀਰ ਸਵਾਲਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਸ਼ਕਤੀਸ਼ਾਲੀ ਜ਼ਰੀਆ ਵੀ ਹੈ। ‘ਜੀਵਨ ਕੀ ਤਲਾਸ਼’ ਰਾਹੀਂ ਦਸਤਕ ਥੀਏਟਰ ਨੇ ਮਨੁੱਖੀ ਜੀਵਨ ਦੇ ਇਕ ਮਹੱਤਵਪੂਰਨ ਸੱਚ ਨੂੰ ਉਭਾਰਿਆ ਕਿ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਵਿੱਚ ਸੁੱਖ, ਆਜ਼ਾਦੀ, ਸਨਮਾਨ ਅਤੇ ਅਰਥਪੂਰਨ ਜੀਵਨ ਦੀ ਤਲਾਸ਼ ਵਿੱਚ ਹੈ। ਨਾਟਕ ਦਾ ਇੱਕ ਹੋਰ ਸੰਦੇਸ਼ ਇਹ ਵੀ ਹੈ ਕਿ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਹੋਣ, ਮਨੁੱਖ ਨੂੰ ਆਪਣੇ ਸੁਪਨਿਆਂ ਅਤੇ ਹੌਸਲੇ ਦਾ ਸਾਥ ਨਹੀਂ ਛੱਡਣਾ ਚਾਹੀਦਾ। ਅੰਤ ਵਿੱਚ ਦਰਸ਼ਕਾਂ ਵੱਲੋਂ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਨਾਟਕ ਨੇ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਇੱਕ ਗੰਭੀਰ ਵਿਚਾਰ ਵੀ ਦਿੱਤਾ ਕਿ ਜੀਵਨ ਦੀ ਅਸਲ ਤਲਾਸ਼ ਬਾਹਰੀ ਸਫ਼ਲਤਾ ਵਿੱਚ ਨਹੀਂ, ਸਗੋਂ ਸੰਘਰਸ਼ ਕਰਦਿਆਂ ਆਪਣੇ ਜੀਵਨ ਨੂੰ ਅਰਥਪੂਰਨ ਬਣਾਉਣ ਵਿੱਚ ਹੈ।