- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ ਦੇ ਬ੍ਰਿਕਸ ਬਿਜ਼ਨਸ ਫੋਰਮ ’ਚ ਨਿਸ਼ਾਂਤ ਸਾਮਾ ਦੀ ਸ਼ਮੂਲੀਅਤ

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤ ਦੀ ਮੇਜ਼ਬਾਨੀ ਹੇਠ ਨਵੀਂ ਦਿੱਲੀ ’ਚ ਹੋਏ ਬ੍ਰਿਕਸ ਬਿਜ਼ਨਸ ਫੋਰਮ-2026 ’ਚ ਲੁਧਿਆਣਾ ਦੇ ਸਨਅਤਕਾਰ ਨਿਸ਼ਾਂਤ ਸਾਮਾ ਨੇ ਸ਼ਮੂਲੀਅਤ ਕਰਕੇ ਪੰਜਾਬ ਅਤੇ ਲੁਧਿਆਣਾ ਦੇ ਸਨਅਤੀ ਖੇਤਰ ਦੀ ਨੁਮਾਇੰਦਗੀ ਕੀਤੀ। ਇਸ ਫੋਰਮ ਵਿੱਚ ਬ੍ਰਿਕਸ ਦੇਸ਼ਾਂ ਨਾਲ ਸਬੰਧਤ ਕਾਰੋਬਾਰੀ ਆਗੂਆਂ, ਸਰਕਾਰੀ ਨੁਮਾਇੰਦਿਆਂ ਤੇ ਵਿੱਤੀ ਖੇਤਰ ਦੇ ਮਾਹਿਰਾਂ ਨੇ ਹਿੱਸਾ ਲਿਆ। ਫੋਰਮ ਦਾ ਮੁੱਖ ਕੇਂਦਰ ਵਪਾਰ, ਨਿਵੇਸ਼, ਤਕਨਾਲੋਜੀ, ਸਪਲਾਈ ਚੇਨ ਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਰਿਹਾ। ਨਿਸ਼ਾਂਤ ਸਾਮਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਬ੍ਰਿਕਸ ਬਿਜ਼ਨਸ ਫੋਰਮ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਸਮੇਤ ਕਈ ਹੋਰ ਆਗੂਆਂ ਦੀ ਮੌਜੂਦਗੀ ਵਿੱਚ ਹੋਏ ਕਾਰੋਬਾਰੀ ਤੇ ਕੂਟਨੀਤਕ ਵਿਚਾਰ-ਵਟਾਂਦਰੇ ਨੂੰ ਨੇੜਿਓਂ ਦੇਖਿਆ। ਇਸ ਦੌਰਾਨ ਨਿਸ਼ਾਂਤ ਸਾਮਾ ਨੇ ਈਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਘਚੀ ਨਾਲ ਵੀ ਮੁਲਾਕਾਤ ਕੀਤੀ ਤੇ ਵਿਸ਼ਵ ਪੱਧਰੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਆਰਥਿਕ ਲਚਕੀਲੇਪਣ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦਾ ਹਿੱਸਾ ਬਣੇ। ਬ੍ਰਿਕਸ ਬਿਜ਼ਨਸ ਫੋਰਮ ਵਿੱਚ ਵਪਾਰਕ ਸਹਿਯੋਗ ਅਤੇ ਸਪਲਾਈ ਚੇਨਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਵੀ ਖਾਸ ਜ਼ੋਰ ਦਿੱਤਾ ਗਿਆ। ਲੁਧਿਆਣਾ ਦੇ ਸਨਅਤਕਾਰ ਦੀ ਇਸ ਕੌਮਾਂਤਰੀ ਪੱਧਰ ਦੇ ਮੰਚ ’ਤੇ ਸ਼ਮੂਲੀਅਤ ਨੂੰ ਸ਼ਹਿਰ ਦੇ ਉਦਯੋਗਿਕ ਖੇਤਰ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ।